ਮੰਡੀ ਦੇ ਮੁੱਖ ਗੇਟ ਨੂੰ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ

 ਤਪਾ ਮੰਡੀ,  –  ਸ਼ਹਿਰ ‘ਚ ਮੀਂਹ ਪਏ ਨੂੰ 2 ਦਿਨ ਬੀਤ ਚੁੱਕੇ ਹਨ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁੱਖ ਬਾਜ਼ਾਰਾਂ ‘ਚ ਖੜ੍ਹੇ ਪਾਣੀ ਕਰ ਕੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਮੰਡੀ ਦੇ ਮੁੱਖ ਗੇਟ ਨੂੰ ਬੰਦ ਕਰ ਕੇ ਭ੍ਰਿਸ਼ਟਾਚਾਰੀ ਨੇਤਾ ਅਤੇ ਪ੍ਰਸ਼ਾਸਨ ਦਾ ਸਵਾਗਤੀ ਬੈਨਰ ਬੰਨ੍ਹ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਦੁਕਾਨਦਾਰਾਂ ਸਤੀਸ਼ ਕੁਮਾਰ ਢਿੱਲਵਾਂ, ਰਿੰਪੀ ਗਰਗ, ਆਰ. ਕੇ. ਟੀਟਾ ਮੌੜ, ਰਿੰਕਾ, ਕਰਮਜੀਤ, ਮੱਖਣ ਮੌੜ ਆਦਿ ਨੇ ਦੱਸਿਆ ਕਿ 48 ਘੰਟੇ ਬੀਤਣ ਦੇ ਬਾਵਜੂਦ ਸੜਕ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ, ਜਿਸ ਵਿਚੋਂ ਹੁਣ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਇਸ ਮੀਂਹ ਦੇ ਪਾਣੀ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਾਮਾਨ ਭਿੱਜ ਕੇ ਖਰਾਬ ਹੋ ਗਿਆ ਹੈ। ਇਸ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਅਧਿਕਾਰੀਆਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ।
ਮਿਊਂਸੀਪਲ ਦਫਤਰ ਅੱਗੇ ਧਰਨੇ ਦੀ ਚਿਤਾਵਨੀ
ਦੁਕਾਨਦਾਰਾਂ ਨੇ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 3 ਜੁਲਾਈ ਤੱਕ ਸੜਕ ‘ਤੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਅਸੀਂ ਮਿਊਂਸੀਪਲ ਦਫਤਰ ਅੱਗੇ ਧਰਨਾ ਲਾਵਾਂਗੇ। ਇਸ ਮੌਕੇ ਗੋਲਡੀ ਮਹਿਤਾ, ਭੂਸ਼ਣ ਕੁਮਾਰ ਘੁੰਨਸ, ਮੁਨੀਸ਼ ਉਗੋਕੇ, ਸ਼ੰਟੀ, ਬਿੰਦਰ ਸ਼ਰਮਾ ਤੇ ਹੋਰ ਦੁਕਾਨਦਾਰ ਵੀ ਹਾਜ਼ਰ ਸਨ।   ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਨਾਲ ਫ਼ੋਨ ‘ਤੇ ਗੱਲ ਕਰਨੀ ਚਾਹੀ ਤਾਂ ਫੋਨ ਬਿਜ਼ੀ ਆ ਰਿਹਾ ਸੀ।

Be the first to comment

Leave a Reply