ਯੂਨਾਈਟਿਡ ਨੇ ਏਜੈਕਸ ਨੂੰ 2-0 ਨਾਲ ਹਰਾ ਕੇ ਯੂਰੋਪਾ ਲੀਗ ਨੇ ਫਾਈਨਲ ਜਿੱਤਿਆ

TOPSHOT-FBL-EUR-C3-AJAX-MAN UTD

ਸਟਾਕਹੋਮ (ਸਾਂਝੀ ਸੋਚ ਬਿਊਰੋ)  ਪਾਲ ਪੋਗਬਾ ਅਤੇ ਹੈਨਰਿਕ ਐਮ. ਦੇ ਦੋਹੇਂ ਹਾਫਾਂ ਵਿੱਚ ਕੀਤੇ ਗੋਲਾਂ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੇ ਏਜੈਕਸ ਨੂੰ 2-0 ਨਾਲ ਹਰਾ ਕੇ ਯੂਰੋਪਾ ਲੀਗ ਫਾਈਨਲ ਜਿੱਤਿਆ। ਇਸ ਦੇ ਨਾਲ ਹੀ ਮੈਨਚੈਸਟਰ ਯੂਨਾਈਟਿਡ ਨੇ ਚੈਂਪੀਅਨੀਅਨਜ਼ ਲੀਗ ਦੇ ਗਰੁੱਪ ਗੇੜ ਲਈ ਵੀ ਕੁਆਲੀਫਾਈ ਕਰ ਲਿਆ ਹੈ। ਯੂਨਾਈਟਿਡ ਲਈ ਹਾਲਾਂਕਿ ਇਹ ਜਿੱਤ ਕਾਫੀ ਭਾਵੁਕ ਰਹੀ ਤੇ ਉਸ ਨੇ ਅਹਿਮ ਫਾਈਨਲ ਮੁਕਾਬਲਾ ਜਿੱਤਣ ਦੇ ਬਾਵਜੂਦ ਇਸ ਦਾ ਵੱਡੇ ਪੱਧਰ ’ਤੇ ਜਸ਼ਨ ਨਹੀਂ ਮਨਾਇਆ ਤੇ ਆਪਣੀ ਜਿੱਤ ਨੂੰ ਮੈਨਚੈਸਟਰ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸਮਰਪਿਤ ਕੀਤਾ। ਮੈਚ ਤੋਂ ਪਹਿਲਾਂ ਮੈਨਚੈਸਟਰ ਵਿੱਚ ਇੱਕ ਸੰਗੀਤ ਸਮਾਗਮ ਵਿੱਚ ਹੋਏ ਫਿਦਾਈਨ ਹਮਲੇ ਵਿੱਚ ਮਾਰੇ ਗਏ 22 ਜਣਿਆਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਰੱਖਿਆ ਗਿਆ। ਸਟੇਡੀਅਮ ਵਿੱਚ ਬੈਠੇ ਦਰਸ਼ਕਾਂ ਨੇ ਇਸ ਤੋਂ ਬਾਅਦ ‘ਅਸੀਂ ਕਦੇ ਨਹੀਂ ਹਾਰਾਂਗੇ’ ਅਤੇ ‘ਮੈਨਚੈਸਟਰ ਮੈਨਚੈਸਟਰ’ ਦੇ ਨਾਅਰੇ ਲਾਏ।
ਪੋਗਬਾ ਨੇ ਮੈਚ ਵਿੱਚ ਯੂਨਾਈਟਿਡ ਲਈ 18ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਉਸ ਨੇ ਇੱਕ ਸੌਖੇ ਪਾਸ ’ਤੇ ਗੇਂਦ ਨੂੰ ਨੈੱਟ ਵਿੱਚ ਪੁਚਾ ਦਿੱਤਾ ਤੇ ਗੋਲਕੀਪਰ ਆਂਦਰੇ ਓਨਾਨਾ ਕੁਝ ਨਹੀਂ ਕਰ ਸਕਿਆ। ਇਸ ਤੋਂ ਬਾਅਦ ਹੈਨਰਿਕ ਨੇ ਮੈਨਚੈਸਟਰ ਮੈਨਚੈਸਟਰ ਦੇ ਨਾਅਰਿਆਂ ਨਾਲ ਟੀਮ ਲਈ ਦੂਜਾ ਗੋਲ ਕੀਤਾ। ਇਸ ਸੀਜ਼ਨ ਵਿੱਚ ਯੂਨਾਈਟਿਡ ਲਈ ਇਹ ਦੂਜੀ ਟਰਾਫ਼ੀ ਹੈ। ਪੋਗਬਾ ਨੇ ਮੈਚ ਤੋਂ ਬਾਅਦ ਕਿਹਾ, ‘ਦਹਿਸ਼ਤਗਰਦੀ ਨਾਲ ਸਬੰਧਤ ਘਟਨਾਵਾਂ ਨਾਲ ਸਾਰੀ ਦੁਨੀਆਂ ਵਿੱਚ ਲੋਕ ਪ੍ਰੇਸ਼ਾਨ ਹਨ। ਅਸਾਂ ਇਹ ਟਰਾਫ਼ੀ ਮੈਨਚੈਸਟਰ ਹਮਲੇ ਦੇ ਪੀੜਤਾਂ ਲਈ ਜਿੱਤੀ ਹੈ। ਅਸੀਂ ਇੰਗਲੈਂਡ ਲਈ ਖੇਡੇ, ਮੈਨਚੈਸਟਰ ਲਈ ਖੇਡੇ, ਉਨ੍ਹਾਂ ਲੋਕਾਂ ਲਈ ਖੇਡੇ ਜਿਹੜੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ।’ ਪੋਗਬਾ ਨੇ ਕਿਹਾ, ‘ਸਾਡਾ ਟੀਚਾ ਇਸ ਸੀਜ਼ਨ ਵਿੱਚ ਜਿੱਤਣਾ ਸੀ ਤੇ ਅਸੀਂ ਇਹ ਕਰ ਦਿਖਾਇਆ ਹੈ। ਸਾਨੂੰ ਇਸ ’ਤੇ ਮਾਣ ਹੈ। ਲੋਕ ਕਹਿ ਰਹੇ ਸਨ ਕਿ ਸਾਡਾ ਸੀਜ਼ਨ ਖ਼ਰਾਬ ਸੀ ਪਰ ਸਾਨੂੰ ਇਸ ਵਿੱਚ ਸਫ਼ਲਤਾ ਮਿਲੀ ਹੈ।’ ਟੀਮ ਨੇ ਚੈਂਪੀਅਨਜ਼ ਲੀਗ ਦੇ ਗਰੁਪ ਗੇੜ ਲਈ ਵੀ ਕੁਆਲੀਫਾਈ ਕਰ ਲਿਆ ਹੈ।

Be the first to comment

Leave a Reply