ਯੂਰਪ ‘ਚ ਪਹਿਲੀ ਸਭ ਤੋਂ ਵੱਧ ਉਮਰ ਵਾਲੀ ਦਾਦੀ

ਰੋਮ — ਯੂਰਪ ‘ਚ ਪਹਿਲੀ ਸਭ ਤੋਂ ਵੱਧ ਉਮਰ ਵਾਲੀ ਦਾਦੀ (ਬੇਬੇ ) ਜੂਸੇਪੀਨਾ ਪ੍ਰੋਜੈਟੋ ਦਾ ਸ਼ੁੱਕਰਵਾਰ ਨੂੰ ਫੀਰੈਂਸੇ ਨੇੜੇ ਦਿਹਾਂਤ ਹੋ ਗਿਆ ਹੈ । ਉਹ ਇਟਲੀ ਦੀ ਰਹਿਣ ਵਾਲੀ ਸੀ। ਤੁਹਾਨੂੰ ਦੱਸ ਦੇਈਏ ਕਿ ਉਹ ਦੁਨੀਆ ‘ਚ ਦੂਜੀ ਸਭ ਤੋਂ ਵੱਧ ਉਮਰ ਵਾਲੀ ਔਰਤ ਸੀ। ਸਾਲ 1902 ‘ਚ ਸਰਦੇਨੀਆ ਵਿੱਚ ਜੰਮੀ ਜੂਸੇਪੀਨਾ ਪ੍ਰੋਜੈਟੋ 116 ਸਾਲਾਂ ਦੀ ਸੀ। 116 ਸਾਲਾ ਸਪੈਨਿਸ਼ ਵਿਅਕਤੀ ਦੀ ਮੌਤ ਤੋਂ ਮਗਰੋਂ 7 ਮਹੀਨੇ ਪਹਿਲਾਂ ਹੀ ਯੂਰਪ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਔਰਤ ਗਿਣੀ ਗਈ ਸੀ।
ਜਾਪਾਨੀ ਔਰਤ ਸਪੁਰਸੈਂਟੇਰੀਅਨ ਨਬੀ ਤਾਜਿਮਾ (117 ਸਾਲ) ਦੀ ਬੀਤੇ ਦਿਨੀਂ ਮੌਤ ਹੋਣ ਤੋਂ ਬਾਅਦ ਪ੍ਰੋਜੈਟੋ ਦੁਨੀਆ ਦੀ ਦੂਜੇ ਨੰਬਰ ਦੀ ਜ਼ਿਆਦਾ ਉਮਰ ਵਾਲੀ ਔਰਤ ਗਿਣੀ ਗਈ ਸੀ ਜਦੋਂ ਕਿ ਦੁਨੀਆ ਭਰ ਵਿੱਚ ਪਹਿਲੇ ਸਥਾਨ ਉੱਤੇ ਜਾਪਾਨੀ ਔਰਤ ਚਿਓ ਮਿਆਕੋ ਹੈ ਜਿਹੜੀ ਕਿ ਪ੍ਰੋਜੈਟੋ ਤੋਂ ਇੱਕ ਮਹੀਨਾ ਵੱਡੀ ਹੈ। 116 ਸਾਲ ਅਤੇ 37 ਦਿਨ ਦੀ ਲੰਬੀ ਉਮਰ ਭੋਗਣ ਵਾਲੀ ਦਾਦੀ ਜੂਸੇਪੀਨਾ ਪ੍ਰੋਜੈਟੋ ਦਾ ਦਿਹਾਂਤ ਮੋਨਤੇਲੂਪੋ ਫਿਓਰੀਨਤੀਨੋ ਵਿਖੇ ਸ਼ੁੱਕਰਵਾਰ ਨੂੰ ਹੋਇਆ। ਉਹ 1960 ਤੋਂ ਮੋਨਤੇਲੂਪੋ ਫਿਓਰੀਨਤੀਨੋ ਵਿੱਚ ਆਪਣਾ ਜੀਵਨ ਬਤੀਤ ਕਰ ਰਹੀ ਸੀ।