ਯੇਰੂਸ਼ਲਮ ਵਿਚ ਅਮਰੀਕੀ ਦੂਤਘਰ ਦੀ ਸ਼ਿਫਟਿੰਗ ਸ਼ੁਰੂ, ਅਲਕਾਇਦਾ ਵਲੋ ਜੇਹਾਦ ਦੀ ਅਪੀਲ

ਵਾਸ਼ਿੰਗਟਨ – ਲਗਾਤਾਰ ਕਈ ਵਿਰੋਧ ਦੇ ਬਾਵਜੂਦ ਅਮਰੀਕਾ ਨੇ ਇਜ਼ਰਾਈਲ ਵਿਚ ਅਪਣਾ ਦੂਤਘਰ ਤੇਲ ਅਵੀਵ ਤੋਂ ਯੇਰੂਸ਼ਲਮ ਸ਼ਿਫਟਿੰਗ ਕਰਨ ‘ਤੇ ਅਮਲ ਸ਼ੁਰੂ ਕਰ ਦਿੱਤਾ। ਇਸ ਮੌਕੇ ‘ਤੇ ਯੇਰੂਸ਼ਲਮ ਵਿਚ ਅਮਰੀਕੀ ਦੂਤਘਰ ਦਾ ਉਦਘਾਟਨ ਸਮਾਰੋਹ ਆਯੋਜਤ ਕੀਤਾ ਗਿਆ। ਟਰੰਪ ਦੀ ਬੇਟੀ ਇਵਾਂਕਾ ਅਤੇ ਜਵਾਈ ਕੁਸ਼ਨਰ ਵੀ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਏ। ਫਲਸਤੀਨ ਦੀ ਗਾਜਾ ਸਰਹੱਦ ‘ਤੇ ਜ਼ਬਰਦਸਤ ਤਣਾਅ ਦੇ ਵਿਚ ਅਲਕਾਇਦਾ ਮੁਖੀ ਅਲ ਜਵਾਹਿਰੀ ਨੇ ਅਮਰੀਕਾ ਦੇ ਇਜ਼ਰਾਈਲ ਦੂਤਘਰ ਨੂੰ ਯੇਰੂਸ਼ਲਮ ਸ਼ਿਫਟਿੰਗ ਕਰਨ ‘ਤੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਦੇ ਖ਼ਿਲਾਫ਼ ਜੇਹਾਦ ਸ਼ੁਰੂ ਕਰਨ। ਜਵਾਹਿਰੀ ਨੇ ਫਲਸਤੀਨੀ ਦੀ ਵਾਰਤਾ ਕਰਨ ਦੀ ਨੀਤੀ ਨੂੰ ਵੀ ਅਸਫ਼ਲ ਕਰਾਰ ਦਿੱਤਾ। ਹਾਲਾਂਕਿ ਦੂਤਘਰ ਦੇ ਉਦਘਾਟਨ ਸਮਾਰੋਹ ਵਿਚ ਖੁਦ ਟਰੰਪ ਮੌਜੂਦ ਨਹੀਂ ਹੋਏ। ਲੇਕਿਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹੋਰ ਦੇਸ਼ਾਂ ਤੋਂ ਵੀ ਉਨ੍ਹਾਂ ਦੇ ਦੂਤਘਰ ਤੇਲ ਅਵੀਵ ਤੋਂ ਯੇਰੂਸ਼ਲਮ ਸ਼ਿਫਟ ਕਰਨ ਦੀ ਅਪੀਲ ਕੀਤੀ ਹੈ। ਟਰੰਪ ਦੇ ਫੈਸਲੇ ਦੀ ਮੱਧ-ਪੂਰਵੀ ਮੁਸਲਿਮ ਦੇਸ਼ਾਂ ਅਤੇ ਹੋਰ ਕਈ ਦੇਸ਼ਾਂ ਨੇ ਆਲੋਚਨਾ ਕੀਤੀ ਹੈ ਕਿਉਂਕਿ 1967 ਦੇ ਯੁੱਧ ਵਿਚ ਇਜ਼ਰਾਈਲ ‘ਤੇ ਇਸ ਯੇਰੂਸ਼ਲਮ ਨੂੰ ਫਲਸਤੀਨ ਤੋਂ ਖੋਹ ਕੇ ਅਪਣੇ ਕਬਜ਼ੇ ਵਿਚ ਲੈਣ ਦਾ ਦੋਸ਼ ਹੈ। ਜਦ ਕਿ ਇਜ਼ਰਾਈਲ ਇਸ ਨੂੰ ਹਮੇਸ਼ਾ ਤੋਂ ਅਪਣੀ ਅਣਵੰਡੀ ਰਾਜਧਾਨੀ ਮੰਨਦਾ ਆਇਆ ਹੈ। ਇਸ ਦੌਰਾਨ ਅਲਕਾਇਦਾ ਮੁਖੀ ਅਲ ਜਵਾਹਿਰੀ ਨੇ ਪੰਜ ਮਿੰਟ ਦਾ ਇਕ ਵੀਡੀਓ ਜਾਰੀ ਕਰਦੇ ਹੋਏ ਫਲਸਤੀਨੀ ਸ਼ਾਸਨ ਨੂੰ ਦੇਸ਼ ਵੇਚਣ ਵਾਲਾ ਦੱਸਿਆ ਅਤੇ ਸਮਰਥਕਾਂ ਨੂੰ ਹਥਿਆਰ ਚੁੱਕਣ ਦੀ ਅਪੀਲ ਕੀਤੀ। ਅਪਣੇ ਵੀਡੀਓ ਵਿਚ ਉਸ ਨੇ ਤੇਲ ਅਵੀਵ ਨੂੰ ਵੀ ਮੁਸਲਮਾਨਾਂ ਦੀ ਜ਼ਮੀਨ ਦੱਸਿਆ। ਉਸ ਨੇ ਕਿਹ ਕਿ ਅਮਰੀਕੀ ਰਾਸ਼ਟਰਪਤੀ ਨੇ ਧਰਮ ਯੁੱਧ ਦੇ ਆਧੁਨਿਕ ਚਿਹਰੇ ਨੂੰ ਉਜਾਗਰ ਕੀਤਾ ਹੈ। ਜਵਾਹਿਰੀ ਨੇ ਕਿਹਾ ਕਿ ਇਸਲਾਮੀ ਦੇਸ਼ ਮੁਸਲਿਮ ਹਿਤ ਵਿਚ ਕੰਮ ਨਹੀਂ ਕਰ ਸਕੇ ਹਨ ਕਿਉਂਕਿ ਸ਼ਰੀਅਤ ਦੀ ਬਜਾਏ ਉਨ੍ਹਾਂ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦਾ ਹੱਥ ਫੜ ਲਿਆ ਜੋ ਇਜ਼ਰਾਈਲ ਨੂੰ ਮਾਨਤਾ ਦਿੰਦੇ ਹਨ।