ਰਸੋਈ ਚ ਲੱਗੀ ਭਿਆਨਕ ਅੱਗ, ਅਚਾਨਕ ਗੈਸ ਸਿਲੰਡਰ ਬਦਲਣ ਸਮੇਂ

ਬਨੂੜ  – ਬਨੂੜ ਨੇੜਲੇ ਪਿੰਡ ਚੰਗੇਰਾ ਵਿਖੇ ਗੈਸ ਸਿਲੰਡਰ ਬਦਲਣ ਸਮੇਂ ਅਚਾਨਕ ਰਸੋਈ ਵਿਚ ਅੱਗ ਲੱਗ ਗਈ, ਜਿਸ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਚੰਗੇਰਾ ਦੇ ਵਸਨੀਕ ਜਸਵੀਰ ਭੰਗੂ ਦੀ ਮਾਤਾ ਸਵੇਰੇ  ਰਸੋਈ ‘ਚ ਰੋਟੀ ਬਣਾ ਰਹੀ ਸੀ ਕਿ ਸਿਲੰਡਰ ਖਤਮ ਹੋ ਗਿਆ। ਜਦੋਂ ਉਹ ਗੈਸ ਸਿਲੰਡਰ ਬਦਲਣ ਲੱਗੀ ਤਾਂ ਅਚਾਨਕ ਰਸੋਈ ਵਿਚ ਅੱਗ ਲੱਗ ਗਈ। ਅੱਗ ਲੱਗਣ ਬਾਰੇ ਪਤਾ ਲਗਦੇ ਹੀ ਪਿੰਡ ਦਾ ਸਰਪੰਚ ਮਨਦੀਪ ਸਿੰਘ ਮੌਕੇ ‘ਤੇ ਪਹੁੰਚ ਗਿਆ। ਉਨ੍ਹਾਂ ਤੁਰੰਤ ਥਾਣਾ ਬਨੂੜ ਤੇ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਤੇ ਏ. ਐੱਸ. ਆਈ. ਬਲਕਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਏ। ਰਸੋਈ ਵਿਚ ਲੱਗੀ ਅੱਗ ਨੂੰ ਪਿੰਡ ਵਾਸੀ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਰਾਜਪੁਰਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪੁੱਜ ਗਈ, ਜਿਸ ਨੇ ਅੱਗ ‘ਤੇ ਕਾਬੂ ਪਾਇਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਰਸੋਈ ਵਿਚ ਪਿਆ ਤਕਰੀਬਨ 2 ਲੱਖ ਰੁਪਏ ਦਾ ਸਾਮਾਨ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ।

Be the first to comment

Leave a Reply