ਰਾਸ਼ਟਰਪਤੀ ਚੋਣ ਲਈ ਪਈਆਂ ਵੋਟਾਂ ਨੇ ਫਰਾਂਸ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ

ਪੈਰਿਸ: ਫਰਾਂਸ ਵਿੱਚ ਬੀਤੇ ਦਿਨ ਰਾਸ਼ਟਰਪਤੀ ਚੋਣ ਲਈ ਪਈਆਂ ਵੋਟਾਂ ਨੇ ਫਰਾਂਸ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਬੀਤੇ ਦਿਨ ਫਰਾਂਸ ਦੇ ਲੋਕਾਂ ਨੇ ਮਹਿਜ਼ ਇੱਕ ਸਾਲ ਪੁਰਾਣੀ ਪਾਰਟੀ ਐਨ ਮਾਰਸ਼ੇ ਦੇ ਉਮੀਦਵਾਰ ਇਮੈਨੂਅਲ ਮੈਕਰੌਨ ਨੂੰ ਫਰਾਂਸ ਦੇ ਨਵੇਂ ਰਾਸ਼ਟਰਪਤੀ ਵਜੋਂ ਚੁਣ ਲਿਆ ਹੈ। ਐਨ ਮਾਰਸ਼ੇ ਪਾਰਟੀ ਦੇ ਇਮੈਨੂਅਲ ਮੈਕਰੌਨ ਸਿਰਫ 39 ਸਾਲਾਂ ਦੇ ਹਨ। ਉਹ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣ ਗਏ ਹਨ।

ਮੈਕਰੌਨ ਦੀ ਜਿੱਤ ਤੋਂ ਬਾਅਦ ਐਨ ਮਾਰਸ਼ੇ ਸਮਰਥਕ ਜਸ਼ਨਾਂ ਵਿੱਚ ਹਨ। ਪੂਰੇ ਫਰਾਂਸ ਵਿੱਚ ਰੌਸ਼ਨੀਆਂ ਤੇ ਐਨ ਮਾਰਸ਼ੇ ਦੇ ਝੰਡੇ ਲਹਿਰਾ ਰਹੇ ਹਨ। ਮੈਕਰੌਨ ਨੇ ਮਹਿਜ਼ ਇੱਕ ਸਾਲ ਪਹਿਲਾਂ ਅਪ੍ਰੈਲ 2016 ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਹੈਰਾਨੀਜਨਕ ਤਰੀਕੇ ਨਾਲ ਪੂਰੇ ਫਰਾਂਸ ਦਾ ਦਿਲ ਜਿੱਤ ਕੇ ਫਰਾਂਸ ਦੇ ਰਾਸ਼ਟਰਪਤੀ ਦਾ ਅਹੁਦਾ ਹਾਸਲ ਕਰ ਲਿਆ। ਇੱਕ ਸਾਲ ਦੇ ਅੰਦਰ ਮੈਕਰੌਨ ਦਾ ਫਰਾਂਸ ਦੀ ਰਾਜਨੀਤੀ ਵਿੱਚ ਉਭਾਰ ਚੌਂਕਾ ਦੇਣ ਵਾਲਾ ਹੈ।

ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੇ ਅਨੁਮਾਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੈਕਰੌਨ ਨੂੰ 65 ਫੀਸਦੀ ਤੇ ਵਿਰੋਧੀ ਉਮੀਦਵਾਰ ਮੈਰੀਨ ਲਾ ਪੈਨ ਨੂੰ 34 ਫੀਸਦੀ ਵੋਟ ਮਿਲੇ ਹਨ। ਫਰਾਂਸ ਦੇ ਸਿੱਖ ਭਾਈਚਾਰੇ ਨੇ ਵੀ ਲਾ ਪੈਨ ਦਾ ਬਾਈਕਾਟ ਕਰਕੇ ਮੈਕਰੌਨ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਸੀ। ਹੁਣ ਰਾਸ਼ਟਰਪਤੀ ਬਣਨ ਤੋਂ ਬਾਅਦ ਮੈਕਰੌਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜੂਨ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਹਨ, ਤੇ ਮੈਕਰੌਨ ਕੋਲ ਆਪਣੀ ਪਾਰਟੀ ਦਾ ਇੱਕ ਵੀ ਸਾਂਸਦ ਨਹੀਂ।

ਸਰਕਾਰ ਚਲਾਉਣ ਲਈ ਉਨ੍ਹਾਂ ਨੂੰ ਕਈ ਅਹਿਮ ਫੈਸਲਿਆਂ ਲਈ ਗਠਜੋੜ ਦਾ ਸਹਾਰਾ ਲੈਣਾ ਪੈ ਸਕਦਾ ਹੈ। ਦੱਸ ਦੇਈਏ ਕਿ ਸਿੱਖ ਭਾਈਚਾਰੇ ਨੇ ਵੋਟਾਂ ਤੋਂ ਪਹਿਲਾਂ ਲਾ ਪੈਨ ਦਾ ਬਾਈਕਾਟ ਕਰਕੇ ਮੈਕਰੌਨ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਸੀ ਕਿਉਂਕਿ ਲਾ ਪੈਨ ਨੇ ਫਰਾਂਸ ਵਿੱਚ ਧਾਰਮਿਕ ਪਹਿਰਾਵੇ ਵਿੱਚ ਕਿਸੇ ਤਰ੍ਹਾਂ ਦੀ ਛੋਟ ਨਾ ਦੇਣ ਦਾ ਐਲਾਨ ਕੀਤਾ ਸੀ।

Be the first to comment

Leave a Reply