ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਲਈ ਸਿੱਧੂ ਖਿਲਾਫ ਤੁਰੰਤ ਕਾਰਵਾਈ ਕਰਨ ਮੁੱਖ ਮੰਤਰੀ: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ, ਜਿਸ ਨੇ ਫਿਰੋਜ਼ਪੁਰ ਵਿਚ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਗਾਰਡ ਆਫ ਆਨਰ ਦੀ ਰਸਮ ਵਿਚ ਬਹੁਤ ਸਾਰੇ ਕਾਂਗਰਸੀ ਆਗੂਆਂ ਨੂੰ ਸ਼ਾਮਿਲ ਕਰਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸੀ ਮੰਤਰੀ ਖਿਲਾਫ ਢੁੱਕਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ, ਜਿਸ ਨੇ ਇੱਕ ਗੰਭੀਰ ਸਮਾਗਮ ਦੀ ਪਵਿੱਤਰਤਾ ਦੀ ਭੰਗ ਕਰਨ ਲਈ ਰੱਤੀ ਭਰ ਪਛਤਾਵਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਸਿੱਧੂ ਖਿਲਾਫ ਕਾਰਵਾਈ ਕਰਨਾ ਇਸ ਲਈ ਵੀ ਜਰੂਰੀ ਹੋ ਗਿਆ ਹੈ, ਕਿਉਂਕਿ ਇਸ ਸਾਰੀ ਗਲਤੀ ਦੀ ਜ਼ਿੰਮੇਵਾਰੀ ਇੱਕ ਨਿਰਦੋਸ਼ ਪੁਲਿਸ ਅਧਿਕਾਰੀ ਉੁੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਹਿੰਦਿਆਂ ਰਾਸ਼ਟਰੀ ਗੌਰਵ ਨੂੰ ਸੱਟ ਨਿਰੋਲ ਨਵਜੋਤ ਸਿੱਧੂ ਦੀ ਗਲਤੀ ਕਰਕੇ ਵੱਜੀ ਹੈ, ਅਕਾਲੀ ਆਗੂ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਸਟੇਜ ਤੋਂ ਉੱਤਰਣ ਮਗਰੋਂ ਚਾਰ ਕਾਂਗਰਸੀ ਆਗੂਆਂ ਨੂੰ ਆਪਣੇ ਨਾਲ ਪਰੇਡ ਗਰਾਊਂਡ ਵਿਚ ਲੈ ਗਿਆ। ਉਹਨਾਂ ਕਿਹਾ ਕਿ ਮੰਤਰੀ ਨੇ ਕਾਂਗਰਸੀ ਆਗੂਆਂ ਉੱਤੇ ਜ਼ੋਰ ਪਾਇਆ ਕਿ ਗਾਰਡ ਆਫ ਆਨਰ ਦੀ ਰਸਮ ਦੌਰਾਨ ਉਹ ਉਸਦੇ ਨਾਲ ਰਹਿਣ। ਇਹੀ ਵਜ੍ਹਾ ਸੀ ਕਿ ਐਸਐਸਪੀ ਅਤੇ ਡੀਐਸਪੀ ਉਹਨਾਂ ਨੂੰ ਸਲਾਮੀ ਲੈਣ ਵਾਲੇ ਵਾਹਨ ਉੱਤੇ ਚੜ੍ਹਣ ਤੋਂ ਰੋਕ ਨਹੀਂ ਪਾਏ ਅਤੇ ਵਾਹਨ ਅੰਦਰ ਭੀੜ ਹੋ ਗਈ। ਸਰਦਾਰ ਗਰੇਵਾਲ ਨੇ ਕਿਹਾ ਕਿ ਸਿੱਧੂ ਵੱਲੋਂ ਸ਼ਰੇਆਮ ਰਾਸ਼ਟਰੀ ਝੰਡੇ ਦੀ ਕੀਤੀ ਬੇਅਦਬੀ ਇਸ ਤੱਥ ਤੋਂ ਵੀ ਸਾਬਿਤ ਹੁੰਦੀ ਹੈ ਕਿ ਉਸ ਨੇ ਇੱਕ ਵਾਰ ਵੀ ਕਾਂਗਰਸੀ ਆਗੂਆਂ ਨੂੰ ਸਲਾਮੀ ਵਾਲੇ ਵਾਹਨ ਉੱਪਰ ਚੜ੍ਹਣ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਮਾਗਮ ਤੋਂ ਬਾਅਦ ਵੀ ਸਿੱਧੂ ਨੇ ਪ੍ਰੋਟੋਕੋਲ ਅਤੇ ਸੁਰੱਖਿਆ ਦੀ ਅਜਿਹੀ ਗੰਭੀਰ ਉਲੰਘਣਾ ਲਈ ਕਾਂਗਰਸੀ ਆਗੂਆਂ ਨੂੰ ਨਾ ਝਿੜਕਿਆ ਅਤੇ ਨਾ ਹੀ ਉਹਨਾਂ ਖਿਲਾਫ ਪੁਲਿਸ ਕਾਰਵਾਈ ਲਈ ਸਿਫਾਰਿਸ਼ ਕੀਤੀ। ਉਹਨਾਂ ਕਿਹਾ ਕਿ ਸਿੱਧੂ ਨੇ ਘਟਨਾ ਤੋਂ ਤਿੰਨ ਦਿਨ ਮਗਰੋਂ ਵੀ ਕੋਈ ਪਛਤਾਵਾ ਪ੍ਰਗਟ ਨਹੀਂ ਕੀਤਾ। ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਉਸ ਨੇ ਜਾਣਬੁੱਝ ਕੇ ਇਸ ਅਫਸੋਸਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਇਸ ਲਈ ਸਿੱਧੂ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹ ਆਖਦਿਆਂ ਕਿ ਕਾਂਗਰਸ ਸਰਕਾਰ ਨੂੰ ਸਿੱਧੂ ਦੀ ਗਲਤੀ ਕਿਸੇ ਹੋਰ ਸਿਰ ਮੜ੍ਹਣ ਲਈ ਕਿਸੇ ਬਲੀ ਦੇ ਬੱਕਰੇ ਦੀ ਭਾਲ ਨਹੀਂ ਕਰਨੀ ਚਾਹੀਦੀ, ਅਕਾਲੀ ਆਗੂ ਨੇ ਕਿਹਾ ਕਿ ਇਹ ਦੋਸ਼ ਉਸੇ ਉੱਤੇ ਲੱਗਣਾ ਚਾਹੀਦਾ ਹੈ, ਜਿਹੜਾ ਦੋਸ਼ੀ ਹੈ। ਇਸ ਮਾਮਲੇ ਵਿਚ ਸਾਰਾ ਦੋਸ਼ ਨਵਜੋਤ ਸਿੱਧੂ ਦਾ ਹੈ। ਜੇਕਰ ਕੁੱਝ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਇਸ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਇਨਸਾਫ ਦਾ ਮਜ਼ਾਕ ਉਡਾਉਣਾ ਹੋਵੇਗਾ। ਇਸ ਦੌਰਾਨ ਸਰਦਾਰ ਗਰੇਵਾਲ ਨੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਸਾਰੇ ਰਾਸ਼ਟਰੀ ਸਮਾਗਮਾਂ ਵਾਸਤੇ ਸਾਰੇ ਮੰਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦੇਣ ਤਾਂ ਕਿ ਅਜਿਹੀ ਸ਼ਰਮਨਾਕ ਘਟਨਾ ਮੁੜ ਨਾ ਵਾਪਰੇ। ਉਹਨਾਂ ਕਿਹਾ ਕਿ ਨਵੇਂ ਮੰਤਰੀਆਂ ਨੂੰ ਸਹੁੰ-ਚੁਕਾਈ ਦੀ ਰਸਮ ਦੌਰਾਨ ਸਿੱਧੂ ਨੇ ਪਹਿਲਾਂ ਵੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ, ਜਦੋਂ ਉਹ ਰਾਜਪਾਲ ਨਾਲ ਹੱਥ ਮਿਲਾਏ ਬਗੈਰ ਹੀ ਸਟੇਜ ਤੋਂ ਉੱਤਰ ਆਇਆ ਸੀ। ਅਜਿਹੀ ਹਰਕਤ ਲਈ ਸਿੱਧੂ ਨੂੰ ਉਸ ਸਮੇਂ ਵਾਪਸ ਬੁਲਾ ਕੇ ਤਾੜਿਆ ਜਾਣਾ ਚਾਹੀਦਾ ਸੀ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਸ ਵਾਰ ਕਾਂਗਰਸੀ ਮੰਤਰੀ ਨਾਲ ਨਰਮੀ ਨਾ ਵਰਤਣ ਦੀ ਤਾਕੀਦ ਕਰਦਿਆਂ ਕਿਹਾ ਕਿ ਸਿੱਧੂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਨਾਲ ਸਾਰੇ ਚੁਣੇ ਹੋਏ ਨੁਮਾਇੰਦਿਆਂ ਤਕ ਇਹ ਸੁਨੇਹਾ ਪਹੁੰਚ ਜਾਵੇਗਾ ਕਿ ਸਰਕਾਰ ਚਲਾਉਣਾ ਕੋਈ ਹਾਸੇ-ਠੱਠੇ ਦਾ ਮੁਕਾਬਲਾ ਜਾਂ ਕਾਮੇਡੀ ਸਰਕਸ ਨਹੀਂ ਹੈ।

Be the first to comment

Leave a Reply