ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ 6 ਜਾਂ 7 ਜੁਲਾਈ ਨੂੰ ਮੁਲਾਕਾਤ ਸੰਭਾਵਿਤ

ਜਲੰਧਰ   – ਪੰਜਾਬ ਮੰਤਰੀ ਮੰਡਲ ‘ਚ ਵਿਸਤਾਰ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 6 ਜਾਂ 7 ਜੁਲਾਈ ਨੂੰ ਮੁਲਾਕਾਤ ਸੰਭਾਵਿਤ ਹੈ, ਜਿਸ ‘ਚ ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ‘ਤੇ ਵਿਸਤਾਰ ਨਾਲ ਚਰਚਾ ਹੋਵੇਗੀ। ਕਾਂਗਰਸੀ ਸੂਤਰਾਂ ਨੇ ਦੱਸਿਆ ਹੈ ਕਿ ਮੀਟਿੰਗ ‘ਚ ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਨੂੰ ਰਾਹੁਲ ਗਾਂਧੀ ਵਲੋਂ ਹਰੀ ਝੰਡੀ ਮਿਲ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਵਿਧਾਇਕਾਂ ਦੀ ਸੂਚੀ ਤਿਆਰ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਵਿਸਤਾਰ ‘ਚ ਸਾਰੇ 8 ਮੰਤਰੀਆਂ ਨੂੰ ਥਾਂ ਦੇਣਾ ਚਾਹੁੰਦੇ ਹਨ। ਕਾਨੂੰਨੀ ਦ੍ਰਿਸ਼ਟੀ ਨਾਲ ਕੈਪਟਨ ਮੰਤਰੀ ਮੰਡਲ ‘ਚ ਕੁਲ 18 ਮੈਂਬਰ ਹੋ ਸਕਦੇ ਹਨ। ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ‘ਚ 10 ਮੈਂਬਰ ਸ਼ਾਮਲ ਕੀਤੇ ਗਏ ਸਨ।
ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਣ ਵਾਲੀ ਮੀਟਿੰਗ ‘ਚ ਸਰਕਾਰ ਵਲੋਂ ਚੁਣੇ ਗਏ ਸੰਸਦੀ ਸਕੱਤਰਾਂ ਦੇ ਨਾਵਾਂ ‘ਤੇ ਵੀ ਵਿਸਤਾਰ ਨਾਲ ਚਰਚਾ ਹੋਵੇਗੀ। ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਾਨੂੰਨੀ ਮਾਹਿਰਾਂ ਨਾਲ ਸੰਸਦੀ ਸਕੱਤਰਾਂ ਨੂੰ ਲੈ ਕੇ ਸਲਾਹ-ਮਸ਼ਵਰਾ ਕਰ ਚੁੱਕੇ ਹਨ, ਜਿਨ੍ਹਾਂ ਨੇ ਸੰਸਦੀ ਸਕੱਤਰ ਨਿਯੁਕਤ ਕਰਨ ਬਾਰੇ ਕੋਈ ਕਾਨੂੰਨੀ ਅੜਚਨ ਨਾ ਹੋਣ ਦੀ ਗੱਲ ਕਹੀ ਸੀ। ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਕੁਲ 77 ਵਿਧਾਇਕ ਜਿੱਤੇ ਸਨ। ਕੈਪਟਨ ਅਮਰਿੰਦਰ ਸਿੰਘ 15 ਤੋਂ 20 ਸੰਸਦੀ ਸਕੱਤਰਾਂ ਦੀਆਂ ਵੀ ਨਿਯੁਕਤੀਆਂ ਕਰ ਸਕਦੇ ਹਨ। ਕੈਪਟਨ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਮੁੱਖ ਮੰਤਰੀ ਕੱਲ ਸਵੇਰੇ ਦਿੱਲੀ ਲਈ ਰਵਾਨਾ ਹੋ ਜਾਣਗੇ ਅਤੇ ਉਨ੍ਹਾਂ ਦੀ ਐਤਵਾਰ ਸ਼ਾਮ ਤਕ ਚੰਡੀਗੜ੍ਹ ਵਾਪਸੀ ਹੋਵੇਗੀ।

Be the first to comment

Leave a Reply