ਰੋਹਿੰਗਿਆ ਸ਼ਰਣਾਰਥੀਆਂ ਦੀ ਹਾਲਤ ਬਹੁਤ ਤਰਸਯੋਗ: ਮਿਆਂਮਾਰ

ਮਿਆਂਮਾਰ ਸਰਕਾਰ ਦੇ ਇਕ ਮੰਤਰੀ ਨੇ ਬੰਗਲਾਦੇਸ਼ ਵਿਚ ਰਹਿ ਰਹੇ ਰੋਹਿੰਗਿਆ ਸ਼ਰਣਾਰਥੀਆਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਂਪਾਂ ਵਿਚ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸਮਾਜਕ ਕਲਿਆਣ ਮੰਤਰੀ ਵਿਨ ਮਿਆਤ ਯੇ ਨੇ ਬੰਗਲਾਦੇਸ਼ ਦੀ ਦੋ ਦਿਨੀਂ ਯਾਤਰਾ ਤੋਂ ਵਪਾਸ ਆਉਣ ਤੋਂ ਬਾਅਦ ਇੱਥੇ ਕੱਲ ਪੱਤਰਕਾਰਾਂ ਨੂੰ ਕਿਹਾ ਬੰਗਲਾਦੇਸ਼ ਦੇ ਸ਼ਰਣਾਰਥੀ ਕੈਂਪਾਂ ਵਿਚ ਰਹਿਣ ਵਾਲੇ ਸਾਰੇ ਰੋਹਿੰਗਿਆ ਦੀ ਹਾਲਤ ਬਹੁਤ ਖਰਾਬ ਹੈ।
ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਰੋਹਿੰਗਿਆ ਸ਼ਰਣਾਰਥੀਆਂ ਨੂੰ ਦੇਸ਼ ਲਿਆਉਣ ਦੇ ਕੰਮ ਨੂੰ ਸ਼ੁਰੂ ਕਰਨਾ ਹੈ, ਕਿਉਂਕਿ ਮਾਨਸੂਨ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਮਾਨਸੂਨ ਦੌਰਾਨ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ। ਬੰਗਲਾਦੇਸ਼ ਦੀ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਕ ਰੋਹਿੰਗਿਆ ਪਰਿਵਾਰ ਦੇਸ਼ ਆ ਗਿਆ ਹੈ। ਬੰਗਲਾਦੇਸ਼ ਦੀ ਸਰਕਾਰ ਅਤੇ ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ਵਿਚ ਫੌਜੀ ਕਾਰਵਾਈ ਤੋਂ ਬਾਅਦ ਕਰੀਬ 7 ਲੱਖ ਰੋਹਿੰਗਿਆ ਨੇ ਆਪਣੀ ਜਾਣ ਬਚਾਅ ਕੇ ਬੰਗਲਾਦੇਸ਼ ਵਿਚ ਸ਼ਰਨ ਲਈ ਹੋਈ ਹੈ।