ਲੁਟੇਰੇ ਇਥੋਂ ਦੇ ਬੜਾ ਪਿੰਡ ਰੋਡ ‘ਤੇ ਹਨੂਮਤ ਮਾਰਬਲ ਵਿਖੇ ਆ ਧਮਕੇ ਜਿਥੇ ਡਿਊਟੀ ‘ਤੇ ਮੌਜੂਦ ਚੌਕੀਦਾਰ ਉਨ੍ਹਾਂ ਨੂੰ ਦੇਖ ਕੇ ਘਬਰਾਇਆ

ਗੁਰਾਇਆ :-  ਸੋਮਵਾਰ ਰਾਤ ਨੂੰ ਲੁਟੇਰੇ ਇਥੋਂ ਦੇ ਬੜਾ ਪਿੰਡ ਰੋਡ ‘ਤੇ ਹਨੂਮਤ ਮਾਰਬਲ ਵਿਖੇ ਆ ਧਮਕੇ ਜਿਥੇ ਡਿਊਟੀ ‘ਤੇ ਮੌਜੂਦ ਚੌਕੀਦਾਰ ਉਨ੍ਹਾਂ ਨੂੰ ਦੇਖ ਕੇ ਘਬਰਾ ਗਿਆ। ਹਨੂਮਤ ਮਾਰਬਲਜ਼ ਦੇ ਮਾਲਕ ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸਾਹਮਣੇ ਹੀ ਉਨ੍ਹਾਂ ਦਾ ਗੋਦਾਮ ਹੈ। ਉਨ੍ਹਾਂ ਦੇ ਸ਼ੋਅਰੂਮ ਅਤੇ ਗੋਦਾਮ ਵਿਚ ਰਾਤ ਸਮੇਂ ਚੌਕੀਦਾਰ ਹੁੰਦੇ ਹਨ। ਉਨ੍ਹਾਂ ਦੇ ਚੌਕੀਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਤ ਨੂੰ ਇਕ ਇਨੋਵਾ ਗੱਡੀ ਵਿਚ ਅੱਠ ਦੇ ਕਰੀਬ ਲੁਟੇਰੇ ਆਏ ਜਿਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਮਾਰ ਦੇਣਗੇ। ਲੁਟੇਰੇ ਉਨ੍ਹਾਂ ਦੇ ਗੋਦਾਮ ਦੇ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਉਹ ਤੇ ਇਕ ਹੋਰ ਕਰਮਚਾਰੀ ਸਾਹਮਣੇ ਸ਼ੋਅਰੂਮ ਵਿਚ ਜਾ ਕੇ ਲੁਕ ਗਏ। ਉਨ੍ਹਾਂ ਨੇ ਦੱਸਿਆ ਕਿ ਕਰੀਬ 2 ਘੰਟੇ ਲੁਟੇਰੇ ਉਥੇ ਹੀ ਘੁੰਮਦੇ ਰਹੇ। ਆਵਾਰਾ ਕੁੱਤਿਆਂ ਦੇ ਭੌਂਕਣ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਸਫਲ ਨਹੀਂ ਹੋ ਸਕੇ। ਇਸ ਸਬੰਧੀ ਕਾਂਗਰਸ ਦੇ ਗੁਰਾਇਆ ਸਿਟੀ ਦੇ ਪ੍ਰਧਾਨ ਬਲਜਿੰਦਰ ਕੁਮਾਰ ਪਾਹਵਾ ਨੇ ਦੱਸਿਆ ਕਿ ਐੱਸ. ਐੱਚ. ਓ. ਗੁਰਾਇਆ ਨੂੰ ਇਸ ਵਾਰਦਾਤ ਦੀ ਸੂਚਨਾ ਉਨ੍ਹਾਂ ਨੇ ਕੁਲ ਤਿੰਨ ਵਾਰ ਫੋਨ ਕਰ ਕੇ ਦਿੱਤੀ ਪਰ ਕਾਫੀ ਦੇਰ ਤੱਕ ਕੋਈ ਵੀ ਪੁਲਸ ਕਰਮਚਾਰੀ ਮੌਕੇ ‘ਤੇ ਨਹੀਂ ਆਇਆ।  ਇਸ ਤੋਂ ਗੁੱਸੇ ‘ਚ ਆਏ ਬਲਜਿੰਦਰ ਕੁਮਾਰ ਨੇ ਜਦੋਂ ਥਾਣੇ ਸਾਹਮਣੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਤਾਂ ਮੌਕੇ ‘ਤੇ ਏ. ਐੱਸ. ਆਈ. ਸਤਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਹਰਭਜਨ ਗਿੱਲ ਪਹੁੰਚੇ ਜਿਨ੍ਹਾਂ ਨੇ ਨਰੇਸ਼ ਗੁਪਤਾ ਤੋਂ ਮਾਮਲੇ ਦੀ ਜਾਣਕਾਰੀ ਲਈ ਅਤੇ ਕਾਰਵਾਈ ਦਾ ਭਰੋਸਾ ਦਿੱਤਾ।

Be the first to comment

Leave a Reply