ਲੁਧਿਆਣਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਲੁਧਿਆਣਾ: ਹਰ ਘਰ ਨੌਕਰੀ ਯੋਜਨਾ ਤਹਿਤ ਅੱਜ ਲੁਧਿਆਣਾ ‘ਚ ਪੰਜਾਬ ਸਰਕਾਰ ਨੇ ਰੁਜ਼ਗਾਰ ਮੇਲਾ ਲਾਇਆ। ਇਸ ਮੇਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਕੈਪਟਨ ਨੇ ਕਿਹਾ ਕਿ ਚੋਣਾਂ ਸਮੇਂ ਜਦੋਂ ਉਹ ਲੋਕਾਂ ‘ਚ ਜਾਂਦੇ ਸੀ ਤਾਂ ਨੌਜਵਾਨਾਂ ਉਨ੍ਹਾਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਸੀ। ਇਸੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸੇ ਤਹਿਤ ਹੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਵੀ ਇਸੇ ਰਫ਼ਤਾਰ ਨਾਲ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਦੇਸ਼ ਦੇ ਹਰ ਕੋਨੇ ‘ਚੋਂ ਕੰਪਨੀਆਂ ਨੂੰ ਬੁਲਾ ਕੇ ਨੌਕਰੀਆਂ ਦਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਨਾਲ ਪੰਜਾਬ ਤੇ ਨੌਜਵਾਨ ਅੱਗੇ ਵਧਣਗੇ। ਇਸ ਮੌਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਨੂੰ ਲੋਕ ਰਾਜ ਨਹੀਂ ਸਜ਼ਾ ਦੇਣਗੇ ਕਿਉਂਕਿ ਇਨ੍ਹਾਂ ਨੇ ਪੰਜਾਬ ਨੂੰ ਦੋਹੇ ਹੱਥੀਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਸੁਖਬੀਰ ਤੇ ਮਜੀਠੀਆ ਦੋਵੇਂ ਜੇਲ੍ਹ ‘ਚ ਹੋਣਗੇ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ।