ਲੁਧਿਆਣਾ ਨਗਰ ਨਿਗਮ ਦੀ ਚੋਣ ਫਰਵਰੀ ਮਹੀਨੇ ਦੇ ਅੰਤ ਵਿੱਚ ਕਾਰਵਾਈ ਜਾਵੇਗੀ

ਅੰਮ੍ਰਿਤਸਰ: ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਦੀ ਚੋਣ ਅਗਲੇ ਮਹੀਨੇ ਦੇ ਅੰਤ ਵਿੱਚ ਕਾਰਵਾਈ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਗੁਰਦਾਸਪੁਰ ਵਿੱਚ ਕੀਤਾ। ਸਿੱਧੂ ਅੱਜ ਗੁਰਦਸਪੂਰ ਦੇ ਕੇਸ਼ੋਪੁਰ ਸ਼ੰਭ (ਬਰਡ ਸੈਂਚਰੀ) ਵਿਖੇ ਪਹਿਲੀ ਵਾਰ ਮਨਾਏ ਗਏ “ਬਰਡ ਫੈਸਟੀਵਲ” ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੋਰ ਪ੍ਰਫੁੱਲਿਤ ਕਾਰਨ ਲਈ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਦੇ ਹੀ ਚੱਲਦਿਆਂ ਅੱਜ ਕੇਸ਼ੋਪੁਰ ਸ਼ੰਭ ਵਿਖੇ ਇਹ ਸਮਾਗਮ ਕੀਤਾ ਗਿਆ ਹੈ। ਸਿੱਧੂ ਵੱਲੋਂ ਕਰੀਬ 5 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਗੁਰਦਸਪੁਰ ਵਿੱਚ ਪੈਂਦੀ ਇਸ ਬਰਡ ਸੈਂਚਰੀ ਨੂੰ ਪੰਜਾਬ ਦੇ ਇੱਕ ਬਹੁਤ ਵੱਡੇ ਟੂਰਿਸਟ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਟੈਂਟ ਲਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇੱਥੇ ਆ ਕੇ ਵੱਧ ਤੋਂ ਵੱਧ ਸਮਾਂ ਬਿਤਾ ਸਕਣ ਤੇ ਝੀਲ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀਆਂ ਯਾਦਗਾਰੀ ਤਸਵੀਰਾਂ ਆਪਣੇ ਕੈਮਰਿਆਂ ‘ਚ ਕੈਦ ਕਰ ਸਕਣ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਹਰੀਕੇ ਝੀਲ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਉੱਥੇ ਪਾਣੀ ਵਾਲੀ ਬੱਸ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਨੂੰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਕੈਬਨਿਟ ਮੰਤਰੀ ਸਿੱਧੂ ਨੇ ਬੰਦ ਕਰ ਦਿੱਤਾ ਸੀ।

Be the first to comment

Leave a Reply