ਲੇਬਰ ਪਾਰਟੀ ਦੀ ਹਾਈਕਮਾਂਡ ਨੇ ਪੰਜਾਬੀ ਮੂਲ ਦੇ ਤ੍ਰਿਮਾਣ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ

ਦੱਖਣੀ ਆਸਟਰੇਲੀਆ — ਆਸਟਰੇਲੀਆ ‘ਚ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ, ਜੋ ਆਪਣੇ ਮਾਣਯੋਗ ਕੰਮਾਂ ਕਰਕੇ ਪੰਜਾਬ ਦਾ ਨਾਂ ਸਾਰੀ ਦੁਨੀਆ ‘ਚ ਚਮਕਾ ਰਹੇ ਹਨ। ਹੋਰ ਖੇਤਰਾਂ ਤੋਂ ਇਲਾਵਾ ਸਿਆਸਤ ‘ਚ ਵੀ ਪੰਜਾਬੀ ਸਾਹਮਣੇ ਆ ਰਹੇ ਹਨ। ਇੱਥੋਂ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੇ 11 ਮੈਂਬਰਾਂ ਦੀ ਚੋਣ ਲਈ ਲੇਬਰ ਪਾਰਟੀ ਦੀ ਹਾਈਕਮਾਂਡ ਨੇ ਪੰਜਾਬੀ ਮੂਲ ਦੇ ਤ੍ਰਿਮਾਣ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਇਸ ਨਾਲ ਪੰਜਾਬੀਆਂ ਸਮੇਤ ਭਾਰਤੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਲੇਬਰ ਪਾਰਟੀ ਆਸਟਰੇਲੀਆ ‘ਚ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਸੱਤਾ ‘ਚ ਲਿਬਰਲ ਪਾਰਟੀ ਹੈ। ਜਾਣਕਾਰੀ ਮੁਤਾਬਕ ਤ੍ਰਿਮਾਣ ਸਿੰਘ ਗਿੱਲ ਪੰਜਾਬ ਦੇ ਜ਼ਿਲ੍ਹਾ ਤਰਤ-ਤਾਰਨ ਦੇ ਪਿੰਡ ਸ਼ਾਹਪੁਰਾ ਨਾਲ ਸਬੰਧਤ ਹਨ। ਉਹ ਪੰਜਾਬ ਤੋਂ ਐੱਮ.ਬੀ.ਏ. ਕਰਕੇ ਸੁਨਹਿਰੀ ਭਵਿੱਖ ਲਈ ਐਡੀਲੇਡ ਆਏ ਸਨ। ਇੱਥੇ ਉਨ੍ਹਾਂ ਨੇ ਟਰਾਂਸਪੋਰਟ ਦੇ ਕਾਰੋਬਾਰ ਦੇ ਨਾਲ ਹੀ ਸਮਾਜਿਕ ਕੰਮਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਹ ਪੰਜਾਬੀ ਅਤੇ ਭਾਰਤੀ ਸੱਭਿਆਚਾਰਕ ਗਤੀਵਿਧੀਆਂ ਸਮੇਤ ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਸਰਗਰਮੀ ਨਾਲ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਗਿੱਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਗੇ। ਲੋਕਾਂ ਨੇ ਦੱਸਿਆ ਕਿ ਉਹ ਇੱਥੋਂ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਅਹੁਦੇਦਾਰ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾਉਂਦੇ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ‘ਚ ਵੀ ਸਫਲ ਰਹਿਣਗੇ । ਤ੍ਰਿਮਾਣ ਗਿੱਲ ਨੇ ਭਾਰਤੀਆਂ ਸਮੇਤ ਪ੍ਰਵਾਸੀ ਭਾਈਚਾਰੇ ਨੂੰ ਲੇਬਰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਉਹ ਭਾਰਤੀਆਂ ਸਮੇਤ ਪ੍ਰਵਾਸੀ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਪਾਰਟੀ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਉਨ੍ਹਾਂ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰ ਸਕਦਾ ਹੈ।

Be the first to comment

Leave a Reply