ਲੋਕਾਂ ਦੇ ਪੈਸੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜਾ ਕੀਤਾ ਜਾਵੇਗਾ -: ਸੁਨੀਲ ਜਾਖੜ

ਅਬੋਹਰ (ਸਾਂਝੀ ਸੋਚ ਬਿਊਰੋ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸੂਬਾ ਸਰਕਾਰ ਬਦਲੇ ਦੀ ਭਾਵਨਾ ਨਾਲ ਕੋਈ ਵੀ ਕੰਮ ਨਹੀਂ ਕਰੇਗੀ ਪਰ ਕਿਸੇ ਵੀ ਪ੍ਰੋਜੈਕਟ ਵਿਚ ਪੰਜਾਬ ਦੀ ਜਨਤਾ ਦੇ ਪੈਸੇ ਨਾਲ ਖਿਲਵਾੜ ਕਰਨ ਵਾਲੇ ਕਿਸੇ ਦੀ ਦੋਸ਼ੀ ਨੂੰ ਬਖ਼ਸਿਆ ਵੀ ਨਹੀਂ ਜਾਵੇਗਾ ਅਤੇ ਅਜਿਹੇ ਪੰਜਾਬ ਦੋਖੀਆਂ ਨੂੰ ਕੀਤੇ ਦੀ ਸਜਾ ਦਿਵਾਉਣ ਲਈ ਕਾਨੂੰਨੀ ਤੌਰ ਤਰੀਕੇ ਅਪਨਾਏ ਜਾਣਗੇ।ਅੱਜ ਇੱਥੇ ਆਪਣੇ ਜੱਦੀ ਸ਼ਹਿਰ ਵਿਖੇ ਪਹੁੰਚੇ ਸ੍ਰੀ ਸੁਨੀਲ ਜਾਖੜ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਨੇ ਆਖਿਆ ਕਿ ਅਨਾਜ ਘੁਟਾਲਾ ਹੋਵੇ, ਸ਼ਹਿਰੀ ਵਿਕਾਸ ਦੇ ਪ੍ਰੋਜੈਕਟਾਂ ਵਿਚ ਗੋਲਮਾਲ ਹੋਵੇ ਜਾਂ ਫਿਰ ਸੰਗਤ ਦਰਸ਼ਨ ਵਿਚ ਵੰਡੀਆਂ ਗ੍ਰਾਂਟਾਂ, ਇੰਨਾਂ ਸਭ ਮਾਮਲਿਆਂ ਵਿਚ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਜਿੱਥੇ ਕਿਤੇ ਵੀ ਦੁਰਵਰਤੋਂ ਦੀ ਪੁਸ਼ਟੀ ਜਾਂਚ ਵਿਚ ਹੋਈ ਅਜਿਹੇ ਮਾਮਲੇ ਵਿਚ ਸਬੰਧਤ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸੇ ਲਈ ਸਰਕਾਰ ਨੇ ਰਾਜ ਦੀ ਆਰਥਿਕ ਹਾਲਤ ਤੇ ਵਾਇਟ ਪੇਪਰ ਲਿਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਰਾਜ ਦੇ ਲੋਕਾਂ ਦੇ ਸਾਹਮਣੇ ਸੱਚ ਆ ਸਕੇ। ਉਨਾਂ ਨੇ ਕਿਹਾ ਕਿ ਪਿੱਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਰਾਜ ਸਿਰ ਕਰਜੇ ਦਾ ਵੱਡਾ ਬੋਝ ਖੜਾ ਹੋ ਗਿਆ ਜਦ ਕਿ ਪਿੱਛਲੀ ਸਰਕਾਰ ਨੇ ਰਾਜ ਦੇ ਸੰਸਧਾਨਾਂ ਨੂੰ ਬੇਰਹਿਮੀ ਨਾਲ ਲੁੱਟਿਆ ਗਿਆ।
ਆਪਣੀ ਨਿਯੁਕਤੀ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਘਰ ਘਰ ਜਾ ਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਵਰਕਰਾਂ ਦੀ ਲੋਕਾਂ ਵਿਚ ਵਿਸਵਾਸਯੋਗਤਾ ਵਧਾਉਣਾ ਪਾਰਟੀ ਦਾ ਮੁੱਖ ਨਿਸ਼ਾਨਾਂ ਹੈ। ਉਨਾਂ ਨੇ ਕਿਹਾ ਕਿ ਅਜਿਹਾ ਕਰਕੇ ਹੀ ਪਾਰਟੀ ਨੂੰ ਹੇਠਲੇ ਪੱਧਰ ਤੇ ਹੋਰ ਮਜਬੂਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਵਰਕਰ ਹੀ ਹੁੰਦਾ ਹੈ ਜੋ ਪਾਰਟੀ ਦਾ ਸੁਨੇਹਾ ਘਰ ਘਰ ਕੇ ਲੈ ਕੇ ਜਾਂਦਾ ਹੈ ਅਤੇ ਪਾਰਟੀ ਨੂੰ ਸੱਤਾ ਵਿਚ ਲਿਆਉਂਦਾ ਹੈ। ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਹਰ ਇਕ ਆਮ ਨਾਗਰਿਕ ਨੂੰ ਖਾਸ ਨਾਗਰਿਕ ਹੋਣ ਦਾ ਅਹਿਸਾਸ ਕਰਵਾਉਣਾ ਹੈ। ਉਨਾਂ ਨੇ ਕਿਹਾ ਕਿ ਸਰਕਾਰੀ ਤੰਤਰ ਨੂੰ ਚੁਸਤ ਦਰੁਸੱਤ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮਿਲਣ ਅਤੇ ਦਫ਼ਤਰਾਂ ਵਿਚ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਖੱਜਲ ਖੁੁਆਰ ਨਾ ਹੋਣਾ ਪਵੇ। ਉਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਆਪਣੇ ਲੋਕਾਂ ਦੀਆਂ ਆਸਾਂ ਤੇ ਖਰੀ ਉਤਰੇ।

Be the first to comment

Leave a Reply

Your email address will not be published.


*