ਲੜਕੀ ਦੇ ਚੱਕਰ ‘ਚ ਫਸਿਆ ਡਰਾਈਵਰ, ਅਗਵਾ ਕਰਕੇ ਲੈ ਗਏ ਕਾਰ ਸਵਾਰ

ਇਥੋਂ ਦੇ ਬਿਆਸ ਪਿੰਡ ਤੋਂ ਇਕ ਬਾਈਕ ਸਵਾਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਨਾਂ ਦਾ ਵਿਅਕਤੀ ਇਕ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਹੈ ਅਤੇ ਬੁੱਧਵਾਰ ਸਵੇਰੇ ਕੰਮ ‘ਤੇ ਜਾਂਦੇ ਸਮੇਂ ਉਸ ਨੂੰ ਕਾਰ ਸਵਾਰਾਂ ਨੇ ਅਗਵਾ ਕਰ ਲਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਦੀ ਪਤਨੀ ਅੰਜਨਾ ਨੇ ਦੱਸਿਆ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਜਸੰਵਤ ਨਾਲ ਹੋਇਆ ਸੀ ਅਤੇ ਜਸਵੰਤ ਕਾਲਾ ਬੱਕਰਾ ਵਿਖੇ ਸ਼ਿਵ ਸ਼ਕਤੀ ਸਕੂਲ ‘ਚ ਚਾਰ ਸਾਲ ਤੋਂ ਕੰਮ ਕਰ ਰਿਹਾ ਹੈ। ਉਸ ਨੇ ਅੱਗੇ ਦੱਸਿਆ ਕਿ ਜਸਵੰਤ ਦੇ ਚਾਚੇ ਦੀ ਲੜਕੀ ਦਾ ਕਿਸੇ ਮੁੰਡੇ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਬਾਰੇ ਜਸਵੰਤ ਨੂੰ ਪਤਾ ਲੱਗਾ ਤਾਂ ਉਸ ਨੇ ਲੜਕੀ ਸਮੇਤ ਮੁੰਡੇ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝੇ।

ਅੰਜਨਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਦੋਂ ਜਸਵੰਤ ਸਕੂਲ ਜਾਣ ਲਈ ਸਕੂਲ ਬੱਸ ਦੇ ਕੰਡਕਟਰ ਸਿਆਏਦੀਨ ਦੇ ਨਾਲ ਕੰਮ ‘ਤੇ ਜਾਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਨਿਕਲੇ ਸਨ ਤਾਂ ਇਸੇ ਦੌਰਾਨ ਮੇਨ ਰੋਡ ਦੇ ਕੋਲ ਬਿਨਾਂ ਨੰਬਰ ਵਾਲੀ ਸਵਿੱਫਟ ਕਾਰ ਰੁੱਕੀ ਅਤੇ ਦੋਹਾਂ ਦਾ ਰਸਤਾ ਰੋਕ ਕੇ ਉਨ੍ਹਾਂ ਨੂੰ ਪਤਾ ਪੁੱਛਣ ਲੱਗ ਪਏ। ਜਦੋਂ ਜਸਵੰਤ ਪਤਾ ਦੱਸਣ ਲਈ ਉਨ੍ਹਾਂ ਦੇ ਕੋਲ ਗਿਆ ਤਾਂ ਗੱਲ ਕਰਦੇ ਸਮੇਂ ਕਾਰ ਸਵਾਰਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਬਰਨ ਜਸੰਵਤ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਸਿਆਏਦੀਨ ਦੇ ਕੋਲੋਂ ਇਸ ਘਟਨਾ ਦਾ ਪਤਾ ਲੱਗਾ।
ਉਥੇ ਹੀ ਜਸਵੰਤ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਇਹ ਸਭ ਉਸ ਲੜਕੇ ਵੱਲੋਂ ਕੀਤਾ ਗਿਆ ਹੈ, ਜਿਸ ਦਾ ਉਸ ਦੇ ਚਾਚੇ ਦੀ ਲੜਕੀ ਨਾਲ ਅਫੇਅਰ ਚੱਲ ਰਿਹਾ ਹੈ, ਕਿਉਂਕਿ ਇਸ ਸਬੰਧੀ ਲੜਕੀ ਨਾਲ ਪੁੱਛਗਿੱਛ ਕਰਨ ‘ਤੇ ਉਸ ਨੇ ਅਫੇਅਰ ਹੋਣ ਦੀ ਗੱਲ ਮੰਨੀ ਅਤੇ ਉਸ ਤੋਂ ਲੜਕੇ ਨੂੰ ਫੋਨ ਕਰਵਾਇਆ ਗਿਆ ਤਾਂ ਉਸ ਲੜਕੇ ਦਾ ਨੰਬਰ ਬੰਦ ਮਿਲਿਆ। ਫਿਲਹਾਲ ਇਸ ਘਟਨਾ ਸਬੰਧੀ ਥਾਣਾ ਭੋਗਪੁਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਪਰਿਵਾਰ ਦੇ ਬਿਆਨ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।