ਲੱਖਾਂ ਦਾ ਸਾਮਾਨ ਤੇ ਨਕਦੀ ਲੈ ਕੇ ਫਰਾਰ, ਅਣਪਛਾਤੇ ਚੋਰ

ਮੋਗਾ – ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮੋਗਾ ਜ਼ਿਲੇ ਦੀ ਸਬ-ਡਵੀਜ਼ਨ ਧਰਮਕੋਟ ‘ਚ ਸਥਿਤ ਇਕ ਸੈਨੇਟਰੀ ਦੀ ਦੁਕਾਨ ‘ਚੋਂ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਕੇ ਲਿਜਾਣ ਦਾ ਪਤਾ ਲੱਗਾ ਹੈ। ਚੋਰੀ ਦੀ ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਮੁਖੀ ਪਲਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਅਤੇ ਚੋਰੀ ਦੇ ਮਾਮਲੇ ਦੀ ਜਾਂਚ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਕਿ ਚੋਰੀ ਦਾ ਕੋਈ ਸੁਰਾਗ ਮਿਲ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕਾਂ ਰਜਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਨਿਵਾਸੀ ਧਰਮਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਕੋਟ ਈਸੇ ਖਾਂ ਰੋਡ ‘ਤੇ ਮੁਖੀਜਾ ਗੇਟ ਕੋਲ ਗਿੱਲ ਬ੍ਰਦਰਜ਼ ਨਾਂ ਦੀ ਸੈਨੇਟਰੀ ਵਾਲੀ ਦੁਕਾਨ ਹੈ। ਬੀਤੀ ਰਾਤ ਅਣਪਛਾਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਵਾਲਾ ਗੇਟ ਭੰਨ ਕੇ ਦੁਕਾਨ ‘ਚੋਂ ਲੱਖਾਂ ਰੁਪਏ ਦਾ ਸੈਨੇਟਰੀ ਦਾ ਸਾਮਾਨ ਅਤੇ ਗੱਲੇ ‘ਚੋਂ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ, ਜਿਸ ਦਾ ਪਤਾ ਸਾਨੂੰ ਸਵੇਰੇ ਦੁਕਾਨ ‘ਤੇ ਆਉਣ ਸਮੇਂ ਲੱਗਾ, ਜਦੋਂ ਅਸੀਂ ਵੇਖਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਿਸ ‘ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।  ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

Be the first to comment

Leave a Reply