ਵਰਲਡ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਫਤਿਹਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ੌਸ੍ਰੀ ਗੁਰੂ ਗ੍ਰੰਥ ਸਾਹਿਬ: ਸਦਾਚਾਰਕ ਪਰਿਪੇਖੌ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਯੂਨੀਵਰਸਿਟੀ ਚਾਂਸਲਰ ਅਤੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਵਾਨਾਂ, ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀਆਂ ਦੇ ਸਮੂਹ ਨੂੰ ਇਸ ਪਵਿੱਤਰ ਦਿਹਾੜੇ ਤੇ ਵਧਾਈਆਂ ਦਿੰਦੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਅਤੇ ਵਿਗਿਆਨ ਦਾ ਅਥਾਹ ਸਮੁੰਦਰ ਹੈ ਅਤੇ ਦੁਨੀਆਂ ਦਾ ਵੱਡਾ ਤੋ ਵੱਡਾ ਵਿਦਵਾਨ ਵੀ ਇਸ ਨੂੰ ਸਮਝਣ ਦੀ ਸ਼ਮਤਾ ਨਹੀਂ ਰੱਖਦਾ। ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਮੁੱਚੇ ਬ੍ਰਹਿਮੰਡ ਦੇ ਗਿਆਨ ਅਤੇ ਵਿਗਿਆਨ ਦਾ ਅਨਮੋਲ ਖਜ਼ਾਨਾ ਉੱਥੇ ਹੀ ਇਕ ਪੂਰਨ ਫਲਸਫ਼ਾ ਅਤੇ ਮੁਕੰਮਲ ਫਿਲਾਸਫ਼ੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਸੰਸਾਰ ਵਿੱਚ ਵਿਚਰਨ ਤੋਂ ਲੈ ਕੇ ਮੋਕਸ਼ ਦੀ ਪ੍ਰਾਪਤੀ ਤੱਕ ਦੇ ਸਫ਼ਰ ਦਾ ਸੰਦੇਸ਼ ਦਿੰਦਾ ਹੈ। ਯੂਨੀਵਰਸਿਟੀ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨ ਸਾਹਿਬ ਵੱਲੋਂ ਸ਼ਲਾਘਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਮੈਮੋਰੀਅਲ ਟਰੱਸਟ ਦੇ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦਾ ਇਹ ਪਾਵਨ ਪੁਰਬ ਸਿਰਫ਼ ਸਿੱਖ ਕੌਮ ਲਈ ਨਾ ਹੋਕੇ ਸਮੁੱਚੀ ਮਾਨਵਤਾ ਲਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਸਿਧਾਂਤ ਸਮੁੱਚੀ ਮਾਨਵਤਾ ਦੇ ਮਾਰਗ ਦਰਸ਼ਨ ਲਈ ਹਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਸੁਖਦਰਸ਼ਨ ਸਿੰਘ ਖਹਿਰਾ ਵੱਲੋਂ ਸੈਮੀਨਾਰ ਵਿੱਚ ਪਹੁੰਚੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਡਾ. ਖਹਿਰਾ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਾ ਕੇਵਲ ਜੀਵਨ ਜਾਚ ਮਿਲਦੀ ਹੈ, ਸਗੋਂ ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕਾਂ ਦਾ ਵੀ ਸੰਦੇਸ਼ ਪ੍ਰਾਪਤ ਹੁੰਦਾ ਹੈ। ਵਾਈਸ-ਚਾਂਸਲਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਲਈ ਵਚਨਬਧ ਹੈ, ਇਸ ਟੀਚੇ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰ ਵਿਦਿਆਰਥੀਆਂ ਦੇ ਸਖਸ਼ੀ ਵਿਕਾਸ ਲਈ ਉਸਾਰੂ ਧਾਰਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੀ ਰਹੇਗੀ।
ਇਸ ਪ੍ਰੋਗਰਾਮ ਵਿੱਚ ਡਾ. ਗੁਰਨਾਇਬ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਵਾਨ ਵਕਤਾ ਵਜੋਂ ਸ਼ਿਰਕਤ ਕੀਤੀ। ਡਾ. ਗੁਰਨਾਇਬ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਉਨ੍ਹਾਂ ਕਦਰਾਂ-ਕੀਮਤਾਂ ਦਾ ਸੁਨੇਹਾ ਦਿੰਦਾ ਹੈ, ਜਿੰਨ੍ਹਾਂ ਨੂੰ ਅਜੋਕਾ ਸਮਾਜ ਭੁਲਦਾ ਜਾ ਰਿਹਾ ਹੈ। ਡਾ. ਪਰਮਵੀਰ ਸਿੰਘ ਨੇ ਜਿੱਥੇ ਯੂਨੀਵਰਸਿਟੀ ਦੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਵਿਸ਼ਵ ਲਈ ਏਕਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਆਪਣੇ ਅੰਦਰ ਵਸਾਉਣ ਦੀ। ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਰਬਾਰਾ ਸਿੰਘ ਗੁਰੂ ਅਤੇ ਡਾ. ਸੁਖਦਰਸ਼ਨ ਸਿੰਘ ਖਹਿਰਾ ਵੱਲੋਂ ਪੀ.ਐਸ.ਐਸ.ਐਸ.ਬੀ. ਦੇ ਸਾਬਕਾ ਚੇਅਰਮੈਨ, ਸੰਤਾ ਸਿੰਘ ਉਮੈਦਪੁਰੀ ਦਾ ਸਨਮਾਨ ਕੀਤਾ ਗਿਆ। ਅਖੀਰ ਵਿੱਚ ਡਾ. ਪਰਿਤਪਾਲ ਸਿੰਘ, ਰਜਿਸਟਰਾਰ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਮਹਿਮਾਨਾਂ, ਵਿਦਵਾਨਾਂ, ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

Be the first to comment

Leave a Reply