ਵਾਤਾਵਰਨ ਦੀ ਸੰਭਾਲ ਤੇ ਕੁਦਰਤੀ ਖੇਤੀ ਲਈ ਕੰਮ ਕਰ ਰਿਹਾ ਕਿਸਾਨ ਬੂਟਾ ਸਿੰਘ ਭੁੱਲਰ

ਫ਼ਿਰੋਜ਼ਪੁਰ : ਜ਼ਿਲ੍ਹੇ ਦੇ ਪਿੰਡ ਧੀਰਾ ਪੱਤਰਾ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਭੁੱਲਰ ਜਿੱਥੇ ਗੁਰੂਆਂ ਵੱਲੋਂ ਦਰਸਾਏ ਗਏ ਸ਼ਬਦ ਪਵਨ ਗੁਰੂ ਪਾਣੀ ਪਿਤਾ ਤੇ ਪੂਰੀ ਤਰ੍ਹਾਂ ਪਹਿਰਾ ਦੇ ਰਿਹਾ ਹੈ ਉੱਥੇ ਹੀ ਫ਼ਸਲਾਂ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਵੱਡਾ ਹਮਲਾ ਮਾਰ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਬੂਟਾ ਸਿੰਘ ਭੁੱਲਰ ਦਾ ਪੂਰਾ ਪਰਿਵਾਰ ਇਹ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਕਿੱਤੇ ਵਜੋਂ ਪਾਲਣ ਦਾ ਸ਼ੌਕ ਰੱਖਦਾ ਹੈ। ਕਿਸਾਨ ਬੂਟਾ ਸਿੰਘ ਭੁੱਲਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਕੁਦਰਤੀ ਖੇਤੀ ਲਈ ਸਾਨੂੰ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਅਹਿਦ ਕਰਨਾ ਚਾਹੀਦਾ ਹੈ ਸਗੋਂ ਆਪਣੇ ਆਂਢੀ-ਗੁਆਂਢੀ ਕਿਸਾਨਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੀਬ 5 ਸਾਲ ਪਹਿਲਾਂ ਉਨ੍ਹਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅ੍ਰੰਮਿਤਸਰ ਦੁਆਰਾ ਕੁਦਰਤੀ ਖੇਤੀ ਬਾਰੇ ਛਾਪੀ ਗਈ ਕਿਤਾਬ ਪੜ੍ਹ ਕੇ ਕੁਦਰਤੀ ਖੇਤੀ ਵੱਲ ਪਰਤਣ ਦੀ ਚੇਟਕ ਲੱਗੀ। ਇਸ ਉਪਰੰਤ ਉਨ੍ਹਾਂ ਸੰਤ ਨਗਰ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਨਾਮਧਾਰੀ ਪਰਿਵਾਰ ਤੋਂ ਅਸਲੀ ਸਾਹੀਵਾਲ ਦੀਆਂ 2 ਗਾਵਾਂ ਖ਼ਰੀਦੀਆਂ ਅਤੇ ਇਨ੍ਹਾਂ ਦੇ ਪੇਸ਼ਾਬ ਤੇ ਗੋਬਰ ਤੋਂ ਦੇਸੀ ਰਸਾਇਣ ਤਿਆਰ ਕਰਕੇ ਜਿੱਥੇ ਜੈਵਿਕ ਖੇਤੀ ਸ਼ੁਰੂ ਕੀਤੀ ਉੱਥੇ ਹੀ ਉਸ ਕੋਲ ਹੁਣ ਸਾਹੀਵਾਲ ਨਸਲ ਦੀਆਂ 10 ਗਾਂਵਾ ਅਤੇ 10 ਵੱਛੀਆਂ ਤੇ 3 ਸ੍ਹਾਨ ਹਨ। ਉਨ੍ਹਾਂ ਦੱਸਿਆ ਕਿ ਮੇਰੇ ਵੱਲ ਵੇਖ ਕੇ ਵੀ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਜਿੱਥੇ ਕਣਕ ਦੇ ਨਾੜ ਤੇ ਝੋਨੇ ਦੇ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰ ਦਿੱਤਾ ਹੈ ਉੱਥੇ ਹੀ ਉਨ੍ਹਾਂ ਨੇ ਸਾਹੀਵਾਲ ਦੇਸੀ ਨਸਲ ਦੀਆਂ ਗਾਂਵਾ ਰੱਖ ਕੇ ਕੁਦਰਤੀ ਖੇਤੀ ਵੱਲ ਵੀ ਮੂੰਹ ਕੀਤਾ ਹੈ। ਜਿਸ ਵਿਚ ਗੰਨਾ, ਸਬਜ਼ੀਆਂ, ਪਸ਼ੂਆਂ ਲਈ ਚਾਰਾ, ਬਾਗ਼ਬਾਨੀ, ਕਣਕ, ਮੂੰਗੀ ਅਤੇ ਝੋਨੇ ਆਦਿ ਦੀ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਬਣਾਈ ਫਾਰਮਰਜ਼ ਹੈਲਪ ਸੁਸਾਇਟੀ ਦੇ ਕਰੀਬ 40 ਮੈਂਬਰ ਹਨ ਤੇ ਉਨ੍ਹਾਂ ਦੇ ਪਰਿਵਾਰ ਕੁਦਰਤੀ/ਜੈਵਿਕ ਖੇਤੀ ਵੱਲ ਮੁੜੇ ਹਨ।