ਵਿਦਿਆਰਥਣ ਦੀ ਸਕੂਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ

ਫਿਰੋਜ਼ਾਬਾਦ— ਬੋਰਡ ਪ੍ਰੀਖਿਆ ਦੇਣ ਜਾ ਰਹੀ ਵਿਦਿਆਰਥਣ ਦੀ ਸਕੂਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਮਾਰਨ ਵਾਲੇ ਨੌਜਵਾਨ ਨੇ ਉਸੇ ਤਮੰਚੇ ਨਾਲ ਖੁਦ ਨੂੰ ਵੀ ਗੋਲੀ ਮਾਰ ਲਈ। ਵਿਦਿਆਰਥਣ ਨੇ ਨੌਜਵਾਨ ਦਾ ਪ੍ਰੇਮ ਪ੍ਰਸਤਾਵ ਠੁਕਰਾ ਦਿੱਤਾ ਸੀ, ਜਿਸ ਕਾਰਨ ਉਹ ਨਾਰਾਜ਼ ਸੀ। ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਦਾ ਹੈ। ਵੀਰਵਾਰ ਦੁਪਹਿਰ ਲਗਭਗ 1.30 ਵਜੇ ਵਿਦਿਆਰਥਣ ਦੀਪਿਕਾ ਯਾਦਵ (17) ਸੰਤ ਘਨਸ਼ਾਮ ਇੰਟਰ ਕਾਲਜ ਨਗਲਾ ਗੁਲਾਲ ‘ਚ ਕੈਮੇਸਟਰੀ ਦੀ ਪ੍ਰੀਖਿਆ ਦੇਣ ਆਈ ਸੀ। ਉਸੇ ਸਮੇਂ ਵਿਕਾਸ ਯਾਦਵ ਉਰਫ ਵਿੱਕੀ ਇਕ ਬੈਲਟ ‘ਚ 16 ਕਾਰਤੂਸ ਲੈ ਕੇ ਪੁੱਜਿਆ ਸੀ। ਸੀ.ਓ. ਨਗਲਾ ਖਾਂਗਰ ਅਜੇ ਸਿੰਘ ਚੌਹਾਨ ਨੇ ਦੱਸਿਆ ਕਿ ਵਿਕਾਸ ਨੇ ਦੀਪਿਕਾ ਦੇ ਸਿਰ ‘ਤੇ ਤਮੰਚਾ ਰੱਖਿਆ ਅਤੇ ਉਸ ਦੀਆਂ ਗੋਲੀਆਂ ਦੀਪਿਕਾ ਦੇ ਸਿਰ ਦੇ ਪਾਰ ਕਰ ਦਿੱਤੀਆਂ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਾਮਲਾ ਇਕ ਪਾਸੜ ਪਿਆਰ ਦਾ ਹੈ। ਵਿਕਾਸ ਦੀਪਿਕਾ ‘ਤੇ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। ਉਸ ਨੇ ਪਹਿਲਾਂ ਵੀ 2 ਵਾਰ ਦੀਪਿਕਾ ਨਾਲ ਸੰਪਰਕ ਕੀਤਾ। ਉਦੋਂ ਵੀ ਮਾਮਲਾ ਸਥਾਨਕ ਪੁਲਸ ਤੱਕ ਪੁੱਜਿਆ ਸੀ ਪਰ ਵਿਦਿਆਰਥਣ ਦੇ ਮਾਤਾ-ਪਿਤਾ ਨੇ ਮਾਮਲਾ ਖੁਦ ਹੀ ਸੁਲਝਾਉਣ ਦੀ ਗੱਲ ਕਹੀ ਸੀ। ਵਿਕਾਸ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਵਿਕਾਸ ਦੀ ਮਾਂ ਦੀ ਮੌਤ ਉਸ ਦੇ ਜਨਮ ਦੇ ਕੁਝ ਸਾਲ ਬਾਅਦ ਹੀ ਹੋ ਗਈ ਸੀ, ਉਸ ਦੇ ਬਾਅਦ ਤੋਂ ਉਹ ਉਸ ਦੀਆਂ ਤਿੰਨਾਂ ਭੈਣਾਂ ਅਤੇ ਪਿਤਾ ਭੋਲਾ ਯਾਦਵ ਨਾਲ ਨਾਥੂ ਕੀ ਥਾਰ ਪਿੰਡ ‘ਚ ਰਹਿ ਰਿਹਾ ਸੀ। ਉਸ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ। ਵਿਕਾਸ ਯਾਦਵ ਦਿੱਲੀ ‘ਚ ਡਰਾਈਵਰ ਦੀ ਨੌਕਰੀ ਕਰਦਾ ਸੀ। ਉਹ ਪਿਛਲੇ ਹਫਤੇ ਹੀ ਫਿਰੋਜ਼ਾਬਾਦ ਆਇਆ ਸੀ ਅਤੇ ਉਸ ਨੇ ਦੀਪਿਕਾ ਨਾਲ ਸੰਪਰਕ ਕੀਤਾ ਸੀ। ਵਿਕਾਸ ਦੇ ਘਰਵਾਲਿਆਂ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਜਿੱਦੀ ਸੁਭਾਅ ਦਾ ਸੀ। ਉਸ ਨੇ ਇਕ ਦੇਸੀ ਤਮੰਚਾ ਅਤੇ 16 ਕਾਰਤੂਸ ਖਰੀਦੇ। ਉਸ ਨੇ ਕਿਹਾ ਕਿ ਉਹ ਕਿਸੇ ਨੂੰ ਮਾਰਨ ਜਾ ਰਿਹਾ ਹੈ ਜੇਕਰ ਕੋਈ ਵੀ ਉਸ ਦੇ ਅਤੇ ਦੀਪਿਕਾ ਵਿਚ ਆਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਦੀਪਿਕਾ ਤਿੰਨ ਭਰਾ-ਭੈਣਾਂ ‘ਚ ਸਭ ਤੋਂ ਵੱਡੀ ਸੀ। ਉਹ ਗਰੈਜੂਏਸ਼ਨ ਤੋਂ ਬਾਅਦ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ। ਉਸ ਦੇ ਪਿਤਾ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੇ ਹਨ ਅਤੇ ਉਹ ਇੱਥੇ ਉਸ ਦੀ ਮਾਂ ਅਤੇ ਭਰਾ-ਭੈਣਾਂ ਨਾਲ ਉਰਵਰ ਪਿੰਡ ‘ਚ ਰਹਿ ਰਹੀ ਸੀ। ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਦੇਸੀ ਤਮੰਚਾ ਬਰਾਮਦ ਕਰ ਲਿਆ ਹੈ। ਦੀਪਿਕਾ ਅਤੇ ਵਿਕਾਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Be the first to comment

Leave a Reply