ਵਿਦਿਆਰਥੀ ਦੀ ਮੌਤ ਤੇ ਉੱਤਰ ਕੋਰੀਆਂ ਦੀ ਜੋਰਦਾਰ ਨਿਖੇਪੀ – ਟਰੰਪ

ਸ਼ਿਕਾਗੋ – ਉਤਰੀ ਕੋਰੀਆ ਵਿੱਚ ਕਰੀਬ 18 ਮਹੀਨੇ ਬੰਦੀ ਰਹਿਣ ਤੋਂ ਬਾਅਦ 22 ਸਾਲਾ ਅਮਰੀਕਾ ਵਿਦਿਆਰਥੀ ਦੀ ਹੋਈ ਮੌਤ ਲਈ ਅਮਰੀਕੀ ਸਦਰ ਡੋਨਲਡ ਟਰੰਪ ਨੇ ਉਤਰੀ ਕੋਰੀਆ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਓਟੋ ਵਾਰਮਬੀਅਰ ਨਾਮੀ ਇਸ ਵਿਦਿਆਰਥੀ ਨੂੰ ਬੀਤੇ ਹਫ਼ਤੇ ਕੋਮਾ ਦੀ ਹਾਲਤ ਵਿੱਚ ਰਿਹਾਅ ਕੀਤਾ ਗਿਆ ਸੀ। ਓਟੋ ਨੇ ਮੈਡੀਕਲ ਆਧਾਰ ਉਤੇ ਅਮਰੀਕਾ ਹਵਾਲੇ ਕੀਤੇ ਜਾਣ ਦੇ ਛੇ ਦਿਨ ਬਾਅਦ ਬੀਤੇ ਮੰਗਲਵਾਰ ਨੂੰ ਆਪਣੇ ਜੱਦੀ ਸ਼ਹਿਰ ਸਿਨਸਿਨਾਟੀ ਵਿਖੇ ਦਮ ਤੋੜ ਦਿੱਤਾ। ਉਸ ਦੀ ਮੌਤ ਦਾ ਐਲਾਨ ਕਰਦਿਆਂ ਉਸ ਦੇ ਦੁਖੀ ਪਰਿਵਾਰ ਨੇ ਬਿਆਨ ਵਿੱਚ ਕਿਹਾ, ਉਤਰੀ ਕੋਰੀਅਨਾਂ ਵੱਲੋਂ ਕੀਤੇ ਗਏ ਜ਼ਾਲਮਾਨਾ ਤਸ਼ੱਦਦ ਕਾਰਨ ਸਾਡੇ ਪੁੱਤਰ ਦਾ ਬਚਣਾ ਨਾਮੁਮਕਿਨ ਸੀ। ਇਕ ਸੈਲਾਨੀ ਵਜੋਂ ਉਤਰੀ ਕੋਰੀਆ ਗਏ ਓਟੋ ਨੂੰ ਇਕ ਹੋਟਲ ਵਿੱਚੋਂ ਇਕ ਸਿਆਸੀ ਪੋਸਟਰ ਚੋਰੀ ਕਰਨ ਦੇ ਦੋਸ਼ਾਂ ਹੇਠ ਗ਼੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਬੀਤੇ ਮਾਰਚ ਵਿੱਚ 15 ਸਾਲ ਕੈਦ ਬਾਮੁਸ਼ੱਕਤ ਕੀਤੀ ਗਈ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਦੇ ਕਥਿਤ ਜੁਰਮ ਦੇ ਮੁਕਾਬਲੇ ਇਹ ਸਜ਼ਾ ਬਹੁਤ ਜ਼ਿਆਦਾ ਸੀ। ਵਿਦਿਆਰਥੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸ੍ਰੀ ਟਰੰਪ ਨੇ ਉਤਰੀ ਕੋਰੀਆ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਵਾਈਟ ਹਾਊਸ ਵਿੱਚ ਇਕ ਸਮਾਗਮ ਦੌਰਾਨ ਕਿਹਾ, ਇਹ ਇਕ ਜ਼ਾਲਮ ਹਕੂਮਤ ਹੈ। ਬਾਅਦ ਵਿੱਚ ਉਨ੍ਹਾਂ ਇਕ ਲਿਖਤੀ ਬਿਆਨ ਵਿੱਚ ਕਿਹਾ, ਓਟੋ ਦੀ ਮੌਤ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਦੇਣ ਦੇ ਮੇਰੇ ਪ੍ਰਸ਼ਾਸਨ ਦੇ ਅਹਿਦ ਨੂੰ ਹੋਰ ਪੱਕਾ ਕੀਤਾ ਹੈ।

Be the first to comment

Leave a Reply