ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਦੀਆਂ ‘ਪੋਲ ਖੋਲ੍ਹ’ ਰੈਲੀਆਂ ਨੂੰ ਹਾਸੋਹੀਣੀ ਮੁਹਿੰਮ ਦਸਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ‘ਪੋਲ ਖੋਲ੍ਹ’ ਰੈਲੀਆਂ ਦਾ ਮਖੌਲ ਉਡਾਇਆ ਹੈ। ‘ਆਪ’ ਦੇ ਬੁਲਾਰੇ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਦੀਆਂ ‘ਪੋਲ ਖੋਲ੍ਹ’ ਰੈਲੀਆਂ ਨੂੰ ਹਾਸੋਹੀਣੀ ਮੁਹਿੰਮ ਕਰਾਰ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣੇ 10 ਸਾਲਾ ਮਾਫ਼ੀਆ ਰਾਜ ਦੌਰਾਨ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਹੋਈ ਲੁੱਟ-ਖਸੁੱਟ ਦੀ ਵੀ ਪੋਲ ਖੋਲ੍ਹਣ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਪੋਲ ਖੋਲ੍ਹ ਰੈਲੀਆਂ ਦਾ ਸਵਾਗਤ ਕਰੇਗੀ। ਸੰਧਵਾਂ ਨੇ ਕਿਹਾ ਕਿ 10 ਸਾਲ ਪੰਜਾਬ ਦੇ ਵਸੀਲਿਆਂ ਅਤੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਆਪਣੇ ਘਰ ਭਰਨ ਤੇ ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਦੀ ਥਾਂ ਨਸ਼ਿਆਂ ‘ਚ ਝੋਕਣ ਵਾਲੇ ਜਿਸ ਢੀਠਤਾ ਨਾਲ ‘ਪੋਲ ਖੋਲ੍ਹਣ’ ਦੇ ਦਮਗਜੇ ਮਾਰ ਰਹੇ ਹਨ, ਇਹ ਜੱਗ-ਹਸਾਈ ਤੋਂ ਵੱਧ ਕੁਝ ਵੀ ਨਹੀਂ, ਕਿਉਂਕਿ ਪੰਜਾਬ ਦੇ ਲੋਕ ਬਾਦਲਾਂ ਦੇ ਮਾਫ਼ੀਆ ਰਾਜ ਨੂੰ ਕਦੇ ਨਹੀਂ ਭੁੱਲ ਸਕਦੇ। ਆਪ’ ਆਗੂ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਝੂਠੇ ਤੇ ਗੁਮਰਾਹਕੁਨ ਵਾਅਦਿਆਂ ‘ਚ ਆ ਕੇ ਪੰਜਾਬ ਦੀ ਜਨਤਾ ਨੇ ਜਿੰਨੇ ਉਤਸ਼ਾਹ ਨਾਲ ਕੈਪਟਨ ਅਮਰਿੰਦਰ ਨੂੰ ਸੱਤਾ ਸੌਂਪੀ ਸੀ, ਕੈਪਟਨ ਨੇ ਉਨ੍ਹਾਂ ਹੀ ਜ਼ਿਆਦਾ ਨਿਰਾਸ਼ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਗੈਰ-ਕਾਨੂੰਨੀ ਕਾਰਿਆਂ ਤੇ ਕਾਰੋਬਾਰਾਂ ਦਾ ਹਿਸਾਬ ਲੈਣ ਦੀ ਥਾਂ ਕੈਪਟਨ ਸਰਕਾਰ ਇੰਨ-ਬਿੰਨ ਬਾਦਲ ਰਾਜ ਦੇ ਕਦਮਾਂ ‘ਤੇ ਚੱਲ ਪਈ। ਨਾਜਾਇਜ਼ ਮਾਈਨਿੰਗ, ਗੁੰਡਾ ਟੈਕਸ, ਕੇਬਲ ਤੇ ਟਰਾਂਸਪੋਰਟ ਮਾਫ਼ੀਆ, ਰਿਸ਼ਵਤਖ਼ੋਰੀ, ਲਾਠੀਚਾਰਜ, ਨਾਜਾਇਜ਼ ਪਰਚੇ ਤੇ ਆਮ ਲੋਕਾਂ ਦੀ ਲੁੱਟ-ਖਸੁੱਟ ਤੇ ਖੱਜਲ-ਖ਼ੁਆਰੀ ਜਿਉਂ ਦੀ ਤਿਉਂ ਜਾਰੀ ਹੈ। ਇਸ ਲਈ ਭੁਗਤ ਭੋਗੀ ਜਨਤਾ ਲਈ ਅਕਾਲੀ ਦਲ ਬਾਦਲ ਦੀਆਂ ਪੋਲ-ਖੋਲ੍ਹ ਰੈਲੀਆਂ ‘900 ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਰਗੀ ਡਰਾਮੇਬਾਜ਼ੀ ਹੈ।