ਵਿਧਾਇਕ ਨਿਰਮਲ ਸਿੰਘ ਦੀ ਭਤੀਜੀ ਨੂੰ ਸਹੁਰਿਆਂ ਵੱਲੋਂ ਅੱਗ ਲਾ ਕੇ ਮਾਰੇ ਜਾਣ ਦੇ ਦੋਸ਼ ‘ਚ ਪਤੀ ਗ੍ਰਿਫਤਾਰ

ਸਮਾਣਾ  -ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਭਤੀਜੀ ਨੂੰ ਜ਼ਿਲਾ ਸੰਗਰੂਰ ਦੇ ਪਿੰਡ ਚੌਂਦਾ ਮੰਨਵੀ ਵਿਖੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਅੱਗ ਲਾ ਕੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰਗੜ੍ਹ ਪੁਲਸ ਨੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿਚੋਂ ਕਰਵਾ ਕੇ ਲਾਸ਼ ਨੂੰ ਪੇਕੇ ਪਰਿਵਾਰ ਹਵਾਲੇ ਕਰਨ ਉਪਰੰਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੇਕਾ ਪਰਿਵਾਰ ਨੇ ਮ੍ਰਿਤਕਾ ਦਾ ਸਮਾਣਾ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ।  ਇਸ ਸਬੰਧੀ ਵਿਧਾਇਕ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਭਤੀਜੀ ਕਰਮਜੀਤ ਕੌਰ ਪੁੱਤਰੀ ਅਜਮੇਰ ਸਿੰਘ ਦਾ ਵਿਆਹ ਕਰੀਬ 4 ਸਾਲ ਪਹਿਲਾਂ ਪਿੰਡ ਚੌਂਦਾ ਮੰਨਵੀ ਦੇ ਜਸਬੀਰ ਸਿੰਘ ਪੁੱਤਰ ਜ਼ੋਰਾ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਦਿਓਰ ਦੀ ਮੌਤ ਹੋ ਜਾਣ ਤੋਂ ਪਿੱਛੋਂ ਪਤੀ-ਪਤਨੀ ਦੇ ਸੰਬੰਧ ਸੁਖਾਵੇਂ ਨਹੀਂ ਰਹੇ। ਜਸਬੀਰ ਸਿੰਘ ਆਪਣੀ ਭਰਜਾਈ ਨਾਲ ਮਿਲ ਕੇ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ। ਉਹ ਉਸ ਨੂੰ ਦੋਵਾਂ ਵਿਚ ਰੋੜਾ ਸਮਝਣ ਲੱਗ ਪਏ, ਜਿਸ ਕਾਰਨ ਕਰਮਜੀਤ ਕੌਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਕਈ ਵਾਰ ਪੰਚਾਇਤੀ ਤੌਰ ‘ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਖਰ ਮਾਮਲਾ ਇਥੋਂ ਤੱਕ ਪਹੁੰਚ ਗਿਆ। ਮ੍ਰਿਤਕਾ ਦੇ ਭਰਾ ਸੁਖਚੈਨ ਸਿੰਘ ਨੇ ਦੋਸ਼ ਲਾਇਆ ਕਿ ਐਤਵਾਰ ਸਵੇਰੇ 10 ਵਜੇ ਉਸ ਦੀ ਭੈਣ ਨੂੰ ਅੱਗ ਲਾ ਕੇ ਸਾੜ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ। ਨਾ ਹੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੁਪਹਿਰ ਬਾਅਦ ਸੂਚਨਾ ਮਿਲਣ ‘ਤੇ ਉਨ੍ਹਾਂ ਦੇ ਕਹਿਣ ਤੋਂ ਪਿੱਛੋਂ ਹੀ ਸਹੁਰਾ ਪਰਿਵਾਰ ਕਰਮਜੀਤ ਕੌਰ ਨੂੰ ਹਸਪਤਾਲ ਲੈ ਕੇ ਗਿਆ। ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਦੋਂ ਤੱਕ ਉਸ ਦੀ ਭੈਣ ਮਰ ਚੁੱਕੀ ਸੀ।  ਥਾਣਾ ਅਮਰਗੜ੍ਹ ਦੇ ਮੁਖੀ ਬਲਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਅਤੇ ਦਰਾਣੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਮ੍ਰਿਤਕਾ ਦੇ ਪਤੀ ਜਸਬੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਜਦ ਕਿ ਦਰਾਣੀ ਫਰਾਰ ਹੈ।

Be the first to comment

Leave a Reply