ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਦੇ ਨਾਲ ਹੀ 17ਵੀਂ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੀ ਸਮਾਪਤੀ

ਬੁਡਾਪੇਸਟ – ਅਮਰੀਕਾ ਦੇ 20 ਸਾਲਾ ਨਵੇਂ ਸਟਾਰ ਸੇਲੇਬ ਡਰੈਸੇਲ ਨੇ ਦੁਨੀਆਂ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਦੇ ਇੱਕ ਚੈਂਪੀਅਨਸ਼ਿਪ ’ਚ ਸੱਤ ਸੋਨ ਤਗ਼ਮੇ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਦੇ ਨਾਲ ਹੀ 17ਵੀਂ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੀ ਸਮਾਪਤੀ ਕੀਤੀ ਹੈ।
ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ ਦਿਨ ਐਤਵਾਰ ਨੂੰ ਇੱਥੇ ਡਰੈਸੇਲ ਨੇ ਡੂਨਾ ਐਰੇਨਾ ’ਚ 4×100 ਮੀਟਰ ਮੈਡਲੇ ਰਿਲੇਅ ਦੇ ਬਟਰਫਲਾਈ ਗੇੜ ’ਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਅਮਰੀਕੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ ਜੋ ਉਸ ਦਾ ਇਸ ਚੈਂਪੀਅਨਸ਼ਿਪ ’ਚ ਸੱਤਵਾਂ ਸੋਨ ਤਗ਼ਮਾ ਵੀ ਹੈ। ਇਸ ਤੋਂ ਪਹਿਲਾਂ ਡਰੈਸੇਲ ਨੇ ਇੱਕ ਹੀ ਦਿਨ ’ਚ ਤਿੰਨ ਰਿਲੇਅ ’ਚ ਨਿੱਜੀ ਸੋਨ ਤਗ਼ਮੇ ਜਿੱਤੇ ਸਨ ਤੇ ਕੁੱਲ ਛੇ ਤਗ਼ਮਿਆਂ ਨਾਲ ਉਹ ਫੇਲਪਸ ਦੇ ਰਿਕਾਰਡ ਤੋਂ ਇੱਕ ਹੀ ਕਦਮ ਦੂਰ ਸੀ ਜੋ ਉਸ ਨੇ ਰਿਲੇਅ ਸੋਨ ਤਗ਼ਮੇ ਨਾਲ ਪੂਰਾ ਕੀਤਾ। ਫੇਲਪਸ ਨੇ ਆਸਟਰੇਲੀਆ ’ਚ 2007 ਦੀ ਵਿਸ਼ਵ ਚੈਂਪੀਅਨਸ਼ਿਪ ’ਚ ਸੱਤ ਸੋਨ ਤਗ਼ਮੇ ਜਿੱਤੇ ਸੀ। ਡਰੈਸੇਲ ਦੀ ਬਦੌਲਤ ਅਮਰੀਕਾ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਕੁੱਲ 38 ਤਗ਼ਮੇ ਜਿੱਤੇ ਜੋ ਉਸ ਦਾ ਵਿਸ਼ਵ ਤੈਰਾਕੀ ’ਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਵੀ ਹੈ। ਫਲੋਰਿਡਾ ਦੇ ਵਿਦਿਆਰਥੀ ਨੇ ਰੇਸ ਮਗਰੋਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਕਦੀ ਨਹੀਂ ਹੋਇਆ ਹੈ, ਇਸ ਲਈ ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਹੈ, ਪਰ ਉਹ ਹੁਣ ਯੂਰੋਪ ਜਾ ਕੇ ਕੁਝ ਆਰਾਮ ਕਰਨਾ ਚਾਹੁੰਦਾ ਹੈ।ਇਸ ਤੋਂ ਪਹਿਲਾਂ ਅਮਰੀਕੀ ਤੈਰਾਕ ਲਿਲੀ ਕਿੰਗ ਨੇ ਮਹਿਲਾਵਾਂ ਦੇ 50 ਮੀਟਰ ਬ੍ਰੈਸਟਸਟ੍ਰੋਕ ਮੁਕਾਬਲੇ ’ਚ ਵਿਸ਼ਵ ਰਿਕਾਰਡ 29.40 ਸਕਿੰਟ ਦਾ ਸਮਾਂ ਲੈ ਕੇ ਟੀਮ ਲਈ ਸੋਨ ਤਗ਼ਮੇ ਨਾਲ ਵਧੀਆ ਸ਼ੁਰੂਆਤ ਕੀਤੀ।

Be the first to comment

Leave a Reply

Your email address will not be published.


*