ਵਿੱਚ ਯੂਨੀਵਰਸਿਟੀ ਕਾਲਜ ਆੱਫ ਇੰਜੀਨੀਅਰਿੰਗ (ਯੂਕੋ) ਦੇ ਵਿਦਿਆਰਥਣਾਂ ਨੇ ਗੈਂਗਰੇਪ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਪਟਿਆਲਾ – ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਯੂਨੀਵਰਸਿਟੀ ਕਾਲਜ ਆੱਫ ਇੰਜੀਨੀਅਰਿੰਗ (ਯੂਕੋ) ਦੇ ਵਿਦਿਆਰਥਣਾਂ ਨੇ 4 ਜੁਲਾਈ ਨੂੰ ਸ਼ਿਮਲੇ ਵਿੱਚ 16 ਸਾਲਾ ਕੁੜੀ (ਗੁਡੀਆ) ਨਾਲ ਹੋਏ ਗੈਂਗਰੇਪ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਗੁਡੀਆ ਨੂੰ ਇਨਸਾਫ ਦਿਵਾਉਣ ਲਈ ਮੋਮਬੱਤੀ ਮਾਰਚ ਕੀਤਾ। ਇਹਨਾ ਵਿਦਿਆਰਥਣਾਂ ਦੀ ਪਹਿਲ ਨੂੰ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀ.ਐੱਸ.ਓ.) ਨੇ ਹੁਲਾਰਾ ਦਿੰਦੇ ਹੋਏ ਇਸ ਗਤੀਵਿਧੀ ਵਿੱਚ ਉਹਨਾ ਦਾ ਸਹਿਯੋਗ ਦਿੱਤਾ।  ਡੀ.ਐੱਸ.ਓ. ਦੇ ਬੁਲਾਰੇ ਕਰਮਜੀਤ ਨੇ ਬੋਲਦੇ ਹੋਏ ਕਿਹਾ ਕਿ ਬਲਾਤਕਾਰ ਇਹ ਇਕੱਲੀ ਘਟਨਾ ਨਹੀਂ ਸਗੋਂ ਹਰ ਤਿੰਨ ਮਿੰਟ ਬਾਅਦ ਭਾਰਤ ਵਿੱਚ ਬਲਾਤਕਾਰ ਹੁੰਦਾ ਅਤੇ ਜਿੰਨਾ ਦਾ ਕੋਈ ਰਿਕਾਰਡ ਨਹੀਂ ਉਹ ਵੱਖ ਹਨ। ਇਸਤੋਂ ਇਲਾਵਾ ਘਰੇਲੂ ਹਿੰਸਾ, ਕੰਮ ਕਰਨ ਵਾਲੀ ਥਾਂ ਤੇ ਉਸਦਾ ਸ਼ੋਸ਼ਣ, ਵਿੱਦਿਆਕ ਅਦਾਰਿਆਂ ਵਿੱਚ ਭੇਦਭਾਵ ਆਦਿ ਸਭ ਥਾਵਾਂ ਤੇ ਔਰਤ ਦਾ ਸ਼ੋਸ਼ਣ ਹੁੰਦਾ ਹੈ।  ਸਾਡੇ ਸਮਾਜ ਵਿੱਚ ਔਰਤ ਨੂੰ ਮਨੁੱਖ ਹੀ ਨਹੀ ਸਮਝਿਆ ਜਾਂਦਾ ਉਸਨੂੰ ਸਿਰਫ ਵੇਚੀ ਖਰੀਦੀ ਜਾਣ ਵਾਲੀ ਵਸਤੂ ਦੇ ਤੌਰ ਤੇ ਪੇਸ਼ ਕੀਤਾ ਜਾਂਦਾ। ਔਰਤਾਂ ਸਮਾਜ ਦੇ ਵਿਕਾਸ ਵਿੱਚ ਸਭ ਤੋਂ ਜਿਆਦਾ ਯੋਗਦਾਨ ਪਾਉਂਦੀਆਂ ਹਨ ਉਹ ਸਭ ਤੋਂ ਜਿਆਦਾ ਕੰਮ ਕਰਦੀਆਂ ਹਨ ਪਰ ਉਹਨਾ ਦੀ ਮਿਹਨਤ ਦਾ ਪੂਰਾ ਮੁੱਲ ਨਾ ਦੇ ਕੇ ਇਹ ਲੋਟੂ ਨਿਜ਼ਾਮ ਉਸਦਾ ਸ਼ੋਸ਼ਣ ਕਰਦਾ ਹੈ। ਆਪਣੀ ਹੋ ਰਹੀ ਇਸ ਲੁੱਟ ਦੇ ਖਿਲਾਫ ਔਰਤ ਨਾ ਬੋਲੇ ਇਸ ਕਰਕੇ ਉਸਨੂੰ ਜਨਮ ਤੋਂ ਹੀ ਦਬਾਇਆ ਜਾਂਦਾ ਹੈ। ਇਹ ਸਿਲਸਿਲਾ ਸਾਡੇ ਘਰਾਂ ਤੋਂ ਹੀ ਸ਼ੁਰੂ ਹੁੰਦਾ ਹੈ। ਔਰਤ ਦੀ ਕੰਮ ਕਰਨ ਦੀ ਆਜ਼ਾਦੀ, ਆਪਣਾ ਭਵਿੱਖ ਤੈਅ ਕਰਨ ਦੀ ਆਜ਼ਾਦੀ, ਆਪਣਾ ਸਾਥੀ ਚੁਣਨ ਦੀ ਆਜ਼ਾਦੀ, ਪਹਿਨਣ ਦੀ ਆਜ਼ਾਦੀ ਇਹ ਸਭ ਸਭ ਉਸਤੋਂ ਖੋਹਿਆ ਜਾਂਦਾ ਹੈ ਅਤੇ ਇਹਨਾ ਦਾ ਫੈਸਲਾ ਪਰਿਵਾਰ ਦਾ ਵੱਡਾ ਮਰਦ ਕਰਦਾ ਹੈ ਫਿਰ ਉਹ ਪਿਓ ਹੋਵੇ ਭਰਾ ਹੋਵੇ ਜਾਂ ਉਸਦਾ ਹਮਸਫ਼ਰ। ਇਹੀ ਪਿੱਤਰਸੱਤਾ ਸਾਡੇ ਸਮਾਜ ਵਿੱਚ ਹੈ ਜੋ ਔਰਤ ਦੀ ਆਵਾਜ਼ ਨੂੰ ਹਮੇਸ਼ਾ ਦਬਾਅ ਕੇ ਰੱਖਦੀ ਹੈ। ਇਸੇ ਲਈ ਜਦੋਂ ਕੋਈ ਔਰਤ ਆਪਣੇ ਹੱਕਾਂ ਲਈ ਬੋਲਦੀ ਹੈ ਤਾਂ ਉਸਨੂੰ ਬਲਾਤਕਾਰ ਦੀ ਧਮਕੀ ਦਿੱਤੀ ਜਾਂਦੀ ਹੈ। ਹਾਕਮ ਜਮਾਤ ਵੀ ਸ਼ੋਸ਼ਿਤ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾ ਦੀਆਂ ਔਰਤਾਂ ਨਾਲ ਸਰਕਾਰੀ ਬਲਾਤਕਾਰ ਕਰਦੀ ਹੈ ਚਾਹੇ ਉਹ ਕਸ਼ਮੀਰ ਵਿੱਚ ਕੋਨਾਨ-ਪੋਸ਼ਪੁਰਾ ਦੀ ਘਟਨਾ ਹੋਵੇ ਜਾਂ ਮੱਧ ਭਾਰਤ ਵਿੱਚ ਆਦਿਵਾਸੀ ਔਰਤਾਂ ਨਾਲ ਬਲਾਤਕਾਰ ਹੋਵੇ। ਇਸ ਕਰਕੇ ਜਦੋਂ ਤੱਕ ਇਹ ਲੁੱਟ ਤੇ ਆਧਾਰਿਤ ਨਾ ਬਰਾਬਰ ਸਮਾਜ ਨੂੰ ਬਦਲਕੇ ਇੱਕ ਬਰਾਬਰਤਾ ਵਾਲਾ ਸਮਾਜ ਨਹੀ ਸਿਰਜਿਆ ਜਾਂਦਾ ਉਦੋਂ ਤੱਕ ਔਰਤਾਂ ਨਾਲ ਭੇਦਭਾਵ ਹੁੰਦਾ ਰਹੇਗਾ। ਇਸ ਲਈ ਇਸ ਜ਼ਾਲਮ ਨਿਜ਼ਾਮ ਨੂੰ ਬਦਲਣ ਲਈ ਮਿਹਨਤਕਸ਼ ਔਰਤਾਂ ਅਤੇ ਮਰਦਾਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।

Be the first to comment

Leave a Reply