ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਸੂਬੇ ਨੂੰ ਗੰਭੀਰ ਆਰਥਿਕ ਸੰਕਟ ‘ਚ ਪਾ ਗਈ

ਜਲੰਧਰ – ਪੰਜਾਬ ਵਿਚ ਮੌਜੂਦਾ ਗੰਭੀਰ ਵਿੱਤੀ ਸੰਕਟ ਅਕਾਲੀ-ਭਾਜਪਾ ਗਠਜੋੜ ਦੀ ਸਾਬਕਾ ਸਰਕਾਰ ਦੀ ਦੇਣ ਹੈ। ਉਕਤ ਦੋਸ਼ ਲਾਉਂਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਸੂਬੇ ਨੂੰ ਗੰਭੀਰ ਆਰਥਿਕ ਸੰਕਟ ‘ਚ ਪਾ ਗਈ। ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਨ ਵਾਲੇ ਅਕਾਲੀ-ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਬੇਬੁਨਿਆਦ ਦੋਸ਼ ਲਾਉਣ ਦੀ ਥਾਂ ਪ੍ਰਧਾਨ ਮੰਤਰੀ ਦਫਤਰ ਦੇ ਸਾਹਮਣੇ ਧਰਨੇ ਦੇਣ, ਵਿਖਾਵੇ ਕਰਨ ਤਾਂ ਜੋ ਕਰਜ਼ਾ ਪੀੜਤ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਕੁਝ ਰਾਹਤ ਮਿਲ ਸਕੇ।
ਵਿੱਤ ਮੰਤਰੀ ਨੇ ਅਕਾਲੀ ਦਲ ਦੇ ਇਨ੍ਹਾਂ ਦੋਸ਼ਾਂ ਕਿ ਕੈਪਟਨ ਸਰਕਾਰ ਹੁਣ ਸੂਬੇ ਭਰ ਦੇ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਤੋਂ ਬਚਣ ਦੇ ਬਹਾਨੇ ਲੱਭ ਰਹੀ ਹੈ, ਉੱਤੇ ਟਿੱਪਣੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਾਦਲ ਸਰਕਾਰ ਵਲੋਂ ਛੱਡ ਗਏ ਵਿੱਤੀ ਸੰਕਟ ਬਾਰੇ ਬਿਲਕੁੱਲ ਪਤਾ ਨਹੀਂ ਸੀ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਅਕਾਲੀਆਂ ਨੇ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਕੈਸ਼ ਕ੍ਰੈਡਿਟ ਲਿਮਿਟ (ਸੀ. ਸੀ. ਐੱਲ.) ‘ਚ ਡਾਈਵਰਟ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸੂਬੇ ਨੂੰ 13 ਹਜ਼ਾਰ ਕਰੋੜ ਦੀ ਦੇਣਦਾਰੀ ਅਦਾ ਕਰਨੀ ਹੋਵੇਗੀ ਅਤੇ ਅਕਾਲੀ ਦਲ ਨੇ 17 ਹਜ਼ਾਰ ਕਰੋੜ ਦੇ ਯੂ. ਡੀ. ਏ. ਵਾਈ. ਬਾਂਡ ਜਾਰੀ ਕੀਤੇ ਹਨ। ਕੇਂਦਰੀ ਰਾਜ ਮੰਤਰੀ ਹਰਸਿਮਰਤ ਬਾਦਲ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਧਰਨੇ ਦੇ ਕੇ ਕਰਜ਼ੇ ਨਾਲ ਸਬੰਧਿਤ 31 ਹਜ਼ਾਰ ਕਰੋੜ ਰੁਪਏ ਦੀ ਸੀ. ਸੀ. ਐੱਲ. ਨੂੰ ਮੁਆਫ ਕਰਵਾਉਣ। ਜੇ ਅਕਾਲੀ ਦਲ ਅਤੇ ਭਾਜਪਾ ਆਗੂਆਂ ਦੀ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਅਸੀਂ ਕਿਸਾਨਾਂ ਦੇ ਸਮੁੱਚੇ 31 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿਆਂਗੇ।

Be the first to comment

Leave a Reply