ਵੋਟਿੰਗ ਮਸ਼ੀਨਾਂ ਬਾਰੇ ਚੋਣ ਕਮਿਸ਼ਨ ਦਾ ਵੱਡਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ 9 ਅਗਸਤ ਨੂੰ ਹਲਫੀਆ ਬਿਆਨ ਰਾਹੀਂ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਅਗਲੀਆਂ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀ.ਵੀ.ਪੈਟ) ਨੂੰ ਵਰਤਣ ਦੀ ਪੂਰੀ ਕੋਸ਼ਿਸ਼ ਕਰੇਗਾ।

ਪਿਛਲੇ ਸਮੇਂ ਵਿੱਚ ਹੋਈਆਂ ਚੋਣਾਂ ਵਿੱਚ ਵਰਤੀਆਂ ਈ.ਵੀ.ਐਮ. ਵਿੱਚ ਗੜਬੜੀ ਦੇ ਦੋਸ਼ ਲੱਗੇ ਸਨ। ਇਸ ‘ਤੇ ਕਮਿਸ਼ਨ ਨੇ ਦੇਸ਼ ਦੇ ਸਿਆਸੀ ਦਲਾਂ ਨੂੰ ਈ.ਵੀ.ਐਮ. ਵਿੱਚ ਗੜਬੜੀ ਸਾਬਤ ਕਰਨ ਲਈ 3 ਜੂਨ, 2017 ਨੂੰ ਮੌਕਾ ਦਿੱਤਾ ਸੀ ਪਰ ਕੋਈ ਸਾਬਤ ਨਹੀਂ ਸੀ ਕਰ ਸਕਿਆ। ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਬੈਂਗਲੁਰੂ ਤੇ ਹੈਦਰਾਬਾਰ ਵਿੱਚ ਤਕਨੀਕੀ ਮਾਹਰਾਂ ਵੱਲੋਂ ਹਰ ਪੱਖ ਤੋਂ ਡੂੰਘਾਈ ਨਾਲ ਜਾਂਚਿਆ ਗਿਆ ਹੈ। ਇਸ ਲਈ ਇਸ ਵਿੱਚ ਹੇਰਫੇਰ ਨਹੀਂ ਕੀਤਾ ਜਾ ਸਕਦਾ।

ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵਧੇਰੇ ਪਾਰਦਰਸ਼ਤਾ ਲਈ ਵੋਟਿੰਗ ਮਸ਼ੀਨ ਦੇ ਨਾਲ ਵੀ.ਵੀ.ਪੈਟ ਮਸ਼ੀਨ ਨੂੰ ਵੀ ਹਰ ਪੋਲਿੰਗ ਬੂਥ ‘ਤੇ ਸਥਾਪਤ ਕੀਤਾ ਜਾਵੇਗਾ।

ਦੱਸਣਾ ਬਣਦਾ ਹੈ ਕਿ ਪੰਜਾਬ, ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਈ.ਵੀ.ਐਮ. ਦੀ ਪਾਰਦਰਸ਼ਤਾ ‘ਤੇ ਕਾਫੀ ਸਵਾਲ ਉੱਠੇ ਸਨ। ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਦੇਸ਼ ਦੇ ਹੋਰ ਕਈ ਪ੍ਰਮੁੱਖ ਸਿਆਸੀ ਦਲਾਂ ਨੇ ਇਲਜ਼ਾਮ ਲਾਏ ਸਨ ਕਿ ਈ.ਵੀ.ਐਮ. ਰਾਹੀਂ ਵੋਟਿੰਗ ਸੁਰੱਖਿਅਤ ਨਹੀਂ ਹੈ।

Be the first to comment

Leave a Reply

Your email address will not be published.


*