ਵੱਖਵਾਦੀਆਂ ਦੇ ‘ਸ਼ੋਪੀਆਂ ਚੱਲੋ’ ਸੱਦੇ ਨੂੰ ਪ੍ਰਸ਼ਾਸਨ ਨੇ ਨਾਕਾਮ ਕੀਤਾ

ਸ਼੍ਰੀਨਗਰ  — ਕਸ਼ਮੀਰ ਵਾਦੀ ਵਿਚ ਬੀਤੇ ਹਫਤੇ ਫਾਇਰਿੰਗ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਇਕਮੁੱਠਤਾ ਪ੍ਰਗਟ ਕਰਨ ਲਈ ਵੱਖਵਾਦੀਆਂ ਦੇ ‘ਸ਼ੋਪੀਆਂ ਚੱਲੋ’ ਸੱਦੇ ਨੂੰ ਬੁੱਧਵਾਰ ਪ੍ਰਸ਼ਾਸਨ ਨੇ ਨਾਕਾਮ ਕਰ ਦਿੱਤਾ। ਪਾਬੰਦੀਆਂ ਦੀ ਉਲੰਘਣਾ ਕਰ ਕੇ ਸੋਪੀਆਂ ਜਾਣ ਤੋਂ ਪਹਿਲਾਂ ਪੁਲਸ ਨੇ ਹੁਰੀਅਤ ਕਾਨਫਰੰਸ (ਜੀ) ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੂੰ ਨਜ਼ਰਬੰਦ ਕਰ ਦਿੱਤਾ ਜਦਕਿ ਹੁਰੀਅਤ ਕਾਨਫਰੰਸ (ਐੱਮ.) ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ।  ਯਾਸੀਨ ਮਲਿਕ ਪਹਿਲਾਂ ਹੀ ਜੇਲ ‘ਚ ਬੰਦ ਹੈ। ਸ਼ੋਪੀਆਂ ‘ਚ ਬੁੱਧਵਾਰ ਇੰਟਰਨੈੱਟ ਸੇਵਾ ਪ੍ਰਭਾਵਿਤ ਰਹੀ ਪਰ ਸ਼੍ਰੀਨਗਰ ਅਤੇ ਹੋਰਨਾਂ ਥਾਵਾਂ ‘ਤੇ ਇਹ ਸੇਵਾ ਬਹਾਲ ਸੀ। ਪ੍ਰੀਖਿਆਵਾਂ ਮੁਲਤਵੀ : ਕਸ਼ਮੀਰ ਵਾਦੀ ‘ਚ ਬੁੱਧਵਾਰ ਲਗਾਤਾਰ ਤੀਜੇ ਦਿਨ ਵੀ ਸਭ ਵਿੱਦਿਅਕ ਅਦਾਰੇ ਬੰਦ ਰਹੇ। ਜੰਮੂ-ਕਸ਼ਮੀਰ ਲੋਕ ਸੇਵਾ ਕਮਿਸ਼ਨ  ਦੀ ਪ੍ਰੀਖਿਆ ਦੇ ਨਾਲ ਹੀ ਹੋਰ ਸਭ ਪ੍ਰੀਖਿਆਵਾਂ ਨੂੰ ਵੀ ਬੁੱਧਵਾਰ ਮੁਲਤਵੀ ਕਰ ਦਿੱਤਾ ਗਿਆ।