ਵੱਡੀਆਂ ਸਿਆਸੀ ਪਾਰਟੀਆਂ ਦੀਆਂ ਛੋਟੀਆਂ ਹਰਕਤਾਂ

ਜੁਆਨਿਟਾ –  ਨੇਥਨ ਨੇ 2013 ਵਿੱਚ ਮਾਰਖਮ ਥੌਰਨਹਿੱਲ ਰਾਈਡਿੰਗ ਤੋਂ ਲਿਬਰਲ ਰਾਈਡਿੰਗ ਦੀ ਉਮੀਦਵਾਰ ਲਈ ਨੌਮੀਨੇਸ਼ਨ ਲੜਨ ਦਾ ਇਰਾਦਾ ਬਣਾਇਆ। ਉਹਨਾਂ ਦਿਨਾਂ ਵਿੱਚ ਹੀ ਜੁਆਨਿਟਾ ਨੂੰ ਲਿਬਰਲ ਪਾਰਟੀ ਦੀ ਹਾਈ ਕਮਾਂਡ ਦਾ ਖ਼ਾਸ ਸੁਨੇਹਾ ਆਉਂਦਾ ਹੈ ਕਿ ਉਹ ਪਾਰਟੀ ਦੇ ਮਾਣ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਮੀਨੇਸ਼ਨ ਚੋਣ ਲੜਨ ਦੇ ਆਪਣੇ ਹੱਕ ਨੂੰ ਸਾਬਕਾ ਇੰਮੀਗਰੇਸ਼ਨ ਮੰਤਰੀ ਜੌਹਨ ਮੈਕਲਮ ਦੇ ਹੱਕ ਵਿੱਚ ਛੱਡ ਦੇਵੇ। ਜੁਆਨਿਟਾ ਕੋਈ ਆਮ ਲਿਬਰਲ ਮੈਂਬਰ ਨਹੀਂ ਸਗੋਂ ਮਾਰਖਮ ਸਕੂਲ ਬੋਰਡ ਦੀ ਸਕੂਲ ਟਰੱਸਟੀ ਹੈ ਅਤੇ ਲੋਕਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਬੋਰਡ ਦੀ ਮੈਂਬਰ ਹੈ। ਉਸ ਨੂੰ ਆਸ ਬੰਨਾਈ ਜਾਂਦੀ ਹੈ ਕਿ ਇਸ ਵਾਰੀ ਪੁਰਾਣੇ ਘੋੜਿਆਂ ਲਈ ਤਬੇਲੇ ਖਾਲੀ ਕਰੋ, ਬਾਅਦ ਵਿੱਚ ਤੁਹਾਨੂੰ ਵੀ ਚੰਗੇ ਅਵਸਰਾਂ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਜਾਵੇਗਾ। ਜੁਆਨਿਟਾ ਲਈ ਦੁਬਾਰਾ ਅਵਸਰ ਉਸ ਵੇਲੇ ਆਇਆ ਜਦੋਂ ਵੋਟਰਾਂ ਦੇ ਹੱਕਾਂ ਲਈ ਪਾਰਲੀਮੈਂਟ ਲੜਨ ਦੇ ਵਾਅਦੇ ਨੂੰ ਅੱਧ ਵਿਚਾਲੇ ਛੱਡ ਕੇ ਜੌਹਨ ਮੈਕਲਮ ਨੇ ਚੀਨ ਵਿੱਚ ਕੈਨੇਡਾ ਦਾ ਅੰਬੈਸਡਰ ਬਣਨ ਨੂੰ ਤਰਜੀਹ ਦਿੱਤੀ। ਇਸਤੋਂ ਪਹਿਲਾਂ ਕਿ ਜੁਆਨਿਟਾ ਦਾ ਨੌਮੀਨੇਸ਼ਨ ਲੜਨ ਦਾ ਸੁਫ਼ਨਾ ਪੂਰਾ ਹੁੰਦਾ, ਲਿਬਰਲ ਹਾਈ ਕਮਾਂਡ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਸੀਨੀਅਰ ਲਿਬਰਲ ਕਾਰਜਕਰਤਾ ਨੂੰ ਰਾਈਡਿੰਗ ਤੋਂ ਨੌਮੀਨੇਸ਼ਨ ਉਮੀਦਵਾਰ ਐਲਾਨ ਕਰ ਦਿੱਤਾ। ਜੁਆਨਿਟਾ ਮਹਿਸੂਸ ਕਰਦੀ ਹੈ ਕਿ ਉਸ ਨਾਲ ਛਲਾਵਾ ਹੋਇਆ ਹੈ ਜਦੋਂ ਕਿ ਲਿਬਰਲ ਪਾਰਟੀ ਦੇ ਕਮਿਊਨੀਕੇਸ਼ਨ ਡਾਇਰੈਕਟਰ ਬਰਾਏਡਨ ਕੇਲੀ ਦਾ ਆਖਣਾ ਹੈ ਕਿ ਲਿਬਰਲ ਪਾਰਟੀ ਸੱਭ ਤੋਂ ਵੱਧ ਪਾਰਦਰਸ਼ੀ ਨੇਮਾਂ ਵਾਲੀ ਜੱਥੇਬੰਦੀ ਹੈ।ਜੁਆਨਿਟਾ ਦਾ ਕੇਸ ਸਿਆਸੀ ਪਾਰਟੀਆਂ ਵੱਲੋਂ ਨੌਮੀਨੇਸ਼ਨਾਂ ਵੇਲੇ ਲੋਕਲ ਪਾਰਟੀ ਕਾਰਜਕਰਤਾਵਾਂ ਨਾਲ ਕੀਤੇ ਜਾਂਦੇ ਧੱਕੇ ਦੀ ਇੱਕ ਨਿੱਕੀ ਜਿਹੀ ਮਿਸਾਲ ਹੈ। ਹਰ ਸਿਆਸੀ ਪਾਰਟੀ ਸ਼ਾਤਰ ਸਿਆਸੀ ਅਪਰੇਟਰਾਂ ਦੁਆਰਾ ਬੁਣੇ ਗਏ ਮੱਕੜੀ ਜਾਲ ਨੂੰ ਹਰ ਹਾਲ ਵਿੱਚ ਸੁਰੱਖਿਅਤ ਰੱਖਣ ਦੀ ਹਰ ਸੰਭਵ ਕੋਸਿ਼ਸ਼ ਕਰਦੀ ਹੈ ਭਾਵ ਇਸ ਹਮਾਮ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੰਗੀਆਂ ਹਨ।

Be the first to comment

Leave a Reply