ਸ਼ਰੀਫ਼ ਅਤੇ ਮਰੀਅਮ ਨੂੰ ਭੇਜਿਆ ਜਾਵੇਗਾ ਸਿਹਾਲਾ ਜੇਲ੍ਹ

ਲਾਹੌਰ – ਰਾਵਲਪਿੰਡੀ ਦੀ ਉੱਚ ਸੁਰੱਖਿਅਤ ਅਡਿਆਲਾ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸੁਰੱਖਿਆ ਕਾਰਨਾਂ ਕਰਕੇ ਸਿਹਾਲਾ ਰੈਸਟ ਹਾਊਸ ਭੇਜਿਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੈਦੀਆਂ ਵੱਲੋਂ ਸ਼ਰੀਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸਲਾਮਾਬਾਦ ਕੋਲ ਸਥਿਤ ਸਿਹਾਲਾ ਜੇਲ੍ਹ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਲੰਡਨ ਵਿੱਚ ਚਾਰ ਲਗਜ਼ਰੀ ਫਲੈਟਾਂ ਦੇ ਮਾਲਕ ਹੋਣ ਦੇ ਮਾਮਲੇ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਵਾਬਦੇਹੀ ਬਿਊਰੋ ਨੇ 13 ਜੁਲਾਈ ਨੂੰ ਸ਼ਰੀਫ਼ (68) ਅਤੇ ਮਰੀਅਮ (44) ਨੂੰ ਲੰਡਨ ਤੋਂ ਲਾਹੌਰ ਵਾਪਸ ਆਉਂਦਿਆਂ ਹੀ ਗਿ੍ਫ਼ਤਾਰ ਕਰ ਲਿਆ ਸੀ। ਪਨਾਮਾ ਪੇਪਰਜ਼ ਕਾਂਡ ਨਾਲ ਜੁੜੇ ਭਿ੍ਸ਼ਟਾਚਾਰ ਦੇ ਮਾਮਲੇ ਵਿੱਚ ਸ਼ਰੀਫ਼ ਨੂੰ ਦਸ ਸਾਲ ਜਦ ਕਿ ਮਰੀਅਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ‘ਡਾਨ’ ਦੀ ਖ਼ਬਰ ਅਨੁਸਾਰ ਸਵੇਰੇ ਕੈਦੀਆਂ ਦੀ ਨਾਅਰੇਬਾਜ਼ੀ ਤੋਂ ਬਾਅਦ ਅਡਿਆਲਾ ਦੇ ਅਧਿਕਾਰੀਆਂ ਨੇ ਸ਼ਰੀਫ਼ ਦੇ ਘੁੰਮਣ ਫਿਰਨ ’ਤੇ ਥੋੜ੍ਹੇ ਸਮੇਂ ਲਈ ਰੋਕ ਲਗਾ ਦਿੱਤੀ ਸੀ। ਖ਼ਬਰ ਅਨੁਸਾਰ ਹੁਣ ਸ਼ਰੀਫ਼ ਨੂੰ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਸੂਤਰਾਂ ਅਨੁਸਾਰ ਜੇਲ੍ਹ ਅਧਿਕਾਰੀ ਸ਼ਰੀਫ਼ ਅਤੇ ਮਰੀਅਮ ਨੂੰ ਸਿਹਾਲਾ ਪੁਲੀਸ ਕਾਲਜ ਦੇ ਗਲਿਆਰੇ ਵਿੱਚ ਸਥਿਤ ਸਿਹਾਲਾ ਰੈਸਟ ਹਾਊਸ (ਸਫਵਾਤ ਲਾਜ) ਭੇਜਣ ’ਤੇ ਵਿਚਾਰ ਕਰ ਰਹੇ ਹਨ।