ਸ਼ਰੀਫ਼ ਤੇ ਮਰੀਅਮ ਲਾਹੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਰਾਤ ਆਪਣੀ ਧੀ ਮਰੀਅਮ ਨਵਾਜ਼ ਸਮੇਤ ਲੰਡਨ ਤੋਂ ਵਤਨ ਪਰਤ ਆਏ ਤੇ ਆਉਂਦਿਆਂ ਹੀ ਉਨ੍ਹਾਂ ਨੂੰ ਲਾਹੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਪਿਉ-ਧੀ ਦੇ ਪਾਸਪੋਰਟ ਮੁਲਕ ਦੀ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ। ਉਨ੍ਹਾਂ ਨੂੰ ਹਵਾਈ ਅੱਡੇ ’ਤੇ ਸ੍ਰੀ ਸ਼ਰੀਫ਼ ਦੀ ਅੰਮੀ ਬੇਗ਼ਮ ਸ਼ਮੀਮ ਅਖ਼ਤਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇੱਥੋਂ ਉਨ੍ਹਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਲੈ ਜਾਇਆ ਗਿਆ। ਉਨ੍ਹਾਂ ਦੀ ਗਿ੍ਰਫ਼ਤਾਰੀ ਹੁੰਦੇ ਸਾਰ ਲਾਹੌਰ ਦੀਆਂ ਸੜਕਾਂ ’ਤੇ ਲੋਕਾਂ ਦਾ ਹਜੂਮ ਆ ਗਿਆ, ਜਿਸ ਕਾਰਨ ਕਈ ਥਾਈਂ ਭੰਨ-ਤੋੜ ਅਤੇ ਸੁਰੱਖਿਆ ਨਾਲ ਹੱਥੋਪਾਈ ਹੋਈ। ਇਸ ਕਾਰਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਕਈ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੰਜਾਬ ਵਿੱਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ 10 ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਸਨ। ਗ਼ੌਰਤਲਬ ਹੈ ਕਿ ਸ੍ਰੀ ਸ਼ਰੀਫ਼ (68) ਤੇ ਮਰੀਅਮ (44) ਨੂੰ ਦੇਸ਼ ਦੀ ਭ੍ਰਿਸ਼ਟਾਚਾਰ-ਰੋਕੂ ਅਦਾਲਤ ਨੇ ਬੀਤੀ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ ਦਿੰਦਿਆਂ ਕ੍ਰਮਵਾਰ ਦਸ ਤੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅੱਜ ਇਹ ਦੋਵੇਂ ਪਿਉ-ਧੀ ਭਾਰਤੀ ਸਮੇਂ ਮੁਤਾਬਕ ਰਾਤ 9.15 ਵਜੇ ਇਤਿਹਾਦ ਏਅਰਵੇਜ਼ ਦੀ ਉਡਾਣ ਰਾਹੀਂ ਅਬੂ ਧਾਬੀ ਤੋਂ ਲਾਹੌਰ ਦੇ ਅੱਲਾਮਾ ਇਕਬਾਲ ਹਵਾਈ ਅੱਡੇ ਉਤੇ ਉਤਰੇ। ਉਨ੍ਹਾਂ ਦੀ ਉਡਾਣ ਮਿਥੇ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਪੁੱਜੀ। ਉਡਾਣ ਦਾ ਅਸਲ ’ਚ ਸ਼ਾਮ 6.15 ਵਜੇ ਪੁੱਜਣ ਦਾ ਪ੍ਰੋਗਰਾਮ ਸੀ ਪਰ ਇਹ ‘ਅਣਦੱਸੇ’ ਕਾਰਨਾਂ ਕਰ ਕੇ ਲੇਟ ਹੋ ਗਈ। ਇਸ ਤੋਂ ਪਹਿਲਾਂ ਉਹ ਲੰਡਨ ਤੋਂ ਯੂਏਈ ਦੀ ਰਾਜਧਾਨੀ ਅਬੂ ਧਾਬੀ ਪੁੱਜੇ ਸਨ। ਲੰਡਨ ਵਿੱਚ ਸ੍ਰੀ ਸ਼ਰੀਫ਼ ਦੀ ਪਤਨੀ ਕੁਲਸੂਮ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਜ਼ੇਰੇ-ਇਲਾਜ ਹੈ। ਉਨ੍ਹਾਂ ਦਾ ਜਹਾਜ਼ ਹਵਾਈ ਅੱਡੇ ਉਤੇ ਪੁੱਜਣ ਤੋਂ ਪਹਿਲਾਂ ਹੀ ਐਨਏਬੀ, ਜਿਹੜੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ, ਦੇ ਅਹਿਲਕਾਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਪੁੱਜੇ ਹੋਏ ਸਨ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਜੇਲ੍ਹ ਪਹੁੰਚਾਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਕਿ ਸ੍ਰੀ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸਿਆਸੀ ਲਾਹਾ ਨਾ ਲੈ ਸਕੇ। ਦੱਸਣਯੋਗ ਹੈ ਕਿ ਪਾਕਿਸਤਾਨ ਦੀਆਂ ਆਮ ਚੋਣਾਂ 25 ਜੁਲਾਈ ਨੂੰ ਹੋ ਰਹੀਆਂ ਹਨ। ਅਧਿਕਾਰੀਆਂ ਨੇ ਬੀਤੇ ਦਿਨ ਪਾਰਟੀ ਦੇ ਸੈਂਕੜੇ ਆਗੂਆਂ ਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਐਨਏਬੀ ਅਤੇ ਮੁਲਕ ਦੀ ਕਾਇਮ ਮੁਕਾਮ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਆਉਂਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਨਏਬੀ ਦੇ ਇਕ ਤਰਜਮਾਨ ਨੌਜ਼ੀਸ਼ ਅਸੀਮ ਨੇ ਦੱਸਿਆ, ‘‘ਐਨਏਬੀ ਦੀ ਇਕ ਟੀਮ ਲਾਹੌਰ ਹਵਾਈ ਅੱਡੇ ਉਤੇ ਮੌਜੂਦ ਹੈ ਤੇ ਦੋਸ਼ੀ ਨਵਾਜ਼ ਤੇ ਮਰੀਅਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’’ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਇਸਲਾਮਾਬਾਦ ਲਿਜਾ ਕੇ ਜਵਾਬਦੇਹੀ ਅਦਾਲਤ ਵਿੱਚ ਪੇਸ਼ ਕਰਨ ਤੇ ਫਿਰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਕਰਨ ਦਾ ਪ੍ਰੋਗਰਾਮ ਸੀ।