ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਗੈਂਗਸਟਰ ਵਿੱਕੀ ਗੌਂਡਰ ਨੂੰ ਫੜ੍ਹਨ ਲਈ ਪੁਲਸ ਵਲੋਂ ਕੀਤੀ ਗਈ ਛਾਪੇਮਾਰੀ

ਮੋਹਾਲੀ-  ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੂੰ ਫੜ੍ਹਨ ਲਈ ਪੁਲਸ ਵਲੋਂ ਐਤਵਾਰ ਨੂੰ ਛਾਪੇਮਾਰੀ ਕੀਤੀ ਗਈ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਵਿੱਕੀ ਗੌਂਡਰ ਇੱਥੇ ਲੁਕਿਆ ਹੋਇਆ ਹੈ। ਵਿੱਕੀ ਗੌਂਡਰ ਤਾਂ ਪੁਲਸ ਦੇ ਹੱਥ ਨਾ ਆਇਆ ਪਰ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ 2 ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕਰ ਹੀ ਲਈ। ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਪੰਜਾਬ ਦੀ ਟੀਮ ਨੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਦੇ ਸਾਹਮਣੇ ਸਥਿਤ ਹਾਊਸਫੈੱਡ ਕੰਪਲੈਕਸ ‘ਚ ਐਤਵਾਰ ਨੂੰ ਛਾਪੇਮਾਰੀ ਕੀਤੀ। ਇਸ ਦੌਰਾਨ ਫੇਜ਼-10 ਸਥਿਤ ਹਾਊਸਫੈੱਡ ਕੰਪਲੈਕਸ ਦੇ ਇਕ ਫਲੈਟ ‘ਚ ਛੁਪੇ 2 ਸ਼ੱਕੀਆਂ ਨੂੰ ਪੁਲਸ ਨੇ ਚਾਰੇ ਪਾਸਿਓਂ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ।  ਕੰਪਲੈਕਸ ਦੇ ਚੇਅਰਮੈਨ ਆਰ. ਪੀ. ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਕੰਪਲੈਕਸ ਵਿਚ ਰਹਿਣ ਵਾਲੇ ਕਿਰਾਏਦਾਰਾਂ ਦੀ ਲਿਸਟ, ਜਿਸ ਵਿਚ 1838 ਨੰਬਰ ਮਕਾਨ ਵੀ ਸ਼ਾਮਲ ਸੀ, ਫੇਜ਼-11 ਦੇ ਉਸ ਸਮੇਂ ਦੇ ਐੱਸ. ਐੱਚ. ਓ. ਨੂੰ ਦੇਣੀ ਚਾਹੀ ਸੀ ਪਰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਾਲ ਹੀ ਕਿਹਾ ਸੀ ਕਿ ਜੇਕਰ ਇਹ ਲਿਸਟ ਮਕਾਨ ਮਾਲਕ ਵਲੋਂ ਦਿੱਤੀ ਜਾਵੇਗੀ, ਤਾਂ ਹੀ ਉਹ ਉਸ ਨੂੰ ਲੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਵੈਰੀਫਿਕੇਸ਼ਨ ਹੋ ਜਾਂਦੀ ਤਾਂ ਮਕਾਨ ਵਿਚ ਰਹਿਣ ਵਾਲੇ ਲੋਕਾਂ ਦੀ ਸੱਚਾਈ ਸਾਹਮਣੇ ਆ ਜਾਣੀ ਸੀ।  ਗੁਆਂਢ ਵਿਚ ਰਹਿਣ ਵਾਲੀਆਂ ਔਰਤਾਂ ਨੇ ਦੱਸਿਆ ਕਿ ਮਕਾਨ ਵਿਚ ਰਹਿਣ ਵਾਲੇ ਚਾਰ ਲੜਕਿਆਂ ਨੇ ਤਿੰਨ ਮਹੀਨੇ ਪਹਿਲਾਂ ਮਕਾਨ ਕਿਰਾਏ ‘ਤੇ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੋਹਾਲੀ ਵਿਚ ਹੇਅਰ ਟ੍ਰਾਂਸਪਲਾਂਟ ਦਾ ਕੰਮ ਕਰਦੇ ਹਨ। ਕੁਝ ਦਿਨ ਪਹਿਲਾਂ ਉਹ ਫਲੈਟ ਵਿਚ ਇਕ ਲੜਕੀ ਨੂੰ ਲੈ ਕੇ ਆਏ ਸਨ। ਉਨ੍ਹਾਂ ਨੇ ਲੜਕੀ ਨੂੰ ਫਲੈਟ ਵਿਚ ਆਉਂਦੇ ਦੇਖ ਲਿਆ, ਜਿਸ ਤੋਂ ਬਾਅਦ ਕੰਪਲੈਕਸ ਵਿਚ ਰਹਿਣ ਵਾਲੇ ਲੋਕਾਂ ਨੇ ਫਲੈਟ ਖੁੱਲ੍ਹਵਾਇਆ ਤੇ ਲੜਕੀ ਨੂੰ ਭਜਾ ਦਿੱਤਾ ਸੀ। ਔਰਤਾਂ ਨੇ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਬਾਲਕੋਨੀ ਵਿਚ ਖੜ੍ਹੀਆਂ ਵੀ ਨਹੀਂ ਹੋਣ ਦਿੰਦੀਆਂ ਸਨ, ਕਿਉਂਕਿ ਸ਼ਰਾਬ ਦੇ ਨਸ਼ੇ ਵਿਚ ਉਹ ਲੜਕੇ ਖਰੂਦ ਮਚਾਉਂਦੇ ਸੀ।

Be the first to comment

Leave a Reply