ਸ਼ਾਹਕੋਟ ‘ਚ ਧਰਨਾਕਾਰੀ ਈਟੀਟੀ-ਟੈਟ ਪਾਸ ਅਧਿਆਪਕਾਂ ਨਾਲ ਡਟੀ ਆਮ ਆਦਮੀ ਪਾਰਟੀ

ਸ਼ਾਹਕੋਟ : ਸ਼ਾਹਕੋਟ ਉਪ ਚੋਣ ਦੌਰਾਨ ਆਪਣੀ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਮਨਵਾਉਣ ਲਈ ਧਰਨਾ ਦੇਣ ਲਈ ਪਹੁੰਚੇ ਈਟੀਟੀ-ਟੈਟ ਪਾਸ ਅਧਿਆਪਕਾਂ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ ਹੈ।
ਸ਼ਾਹਕੋਟ ਨੇੜਲੇ ਪਿੰਡ ਬਾਜਵਾ ਕਲਾਂ ਵਿਖੇ ਭਾਰੀ ਪੁਲਿਸ ਫੋਰਸ ਵੱਲੋਂ ਘੇਰੇ ਗਏ ਈਟੀਟੀ-ਟੈਟ ਪਾਸ ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੋਣ ਦੇ ਕਾਰਨ ਬੋਰਡ ਦੀਆਂ ਪ੍ਰੀਖਿਆ ਵਿਚੋਂ ਸ਼ਰਮਨਾਕ ਨਤੀਜੇ ਆ ਰਹੇ ਹਨ। ਦੂਜੇ ਪਾਸੇ ਹਜ਼ਾਰਾਂ ਯੋਗ ਅਧਿਆਪਕ ਨਿਯੁਕਤੀ ਪੱਤਰਾਂ ਲਈ ਸੜਕਾਂ ਉੱਪਰ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਹੋਰਨਾਂ ਵਾਅਦਿਆਂ ਵਾਂਗ ਉਨ੍ਹਾਂ ਬੇਰੁਜ਼ਗਾਰਾਂ ਨਾਲ ਵੀ ਵਾਅਦਾ ਖ਼ਿਲਾਫ਼ੀ ਕੀਤੀ ਹੈ।