ਸ਼ਾਹ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ, ਕਿਹਾ ਬੇਰੁਜ਼ਗਾਰੀ ਨਾਲੋਂ ਪਕੌੜੇ ਵੇਚਣੇ ਬਿਹਤਰ

ਨਵੀਂ ਦਿੱਲੀ – ਕਾਂਗਰਸ ਵੱਲੋਂ ਜੀਐਸਟੀ ਦੀ ਆਲੋਚਨਾ, ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ’ਤੇ ਨਾਕਾਮੀਆਂ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜ ਸਭਾ ’ਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਸ਼ੁਰੂ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਭੀਖ ਮੰਗਣ ਨਾਲੋਂ ਪਕੌੜੇ ਵੇਚਣੇ ਬਿਹਤਰ ਹਨ। ਆਪਣੇ ਪਲੇਠੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ,‘‘ਜਿਹੜੇ ਪਕੌੜੇ ਵੇਚਦੇ ਹਨ, ਉਨ੍ਹਾਂ ਦਾ ਆਪਣਾ ਰੁਜ਼ਗਾਰ ਹੈ। ਕੀ ਤੁਸੀ ਉਨ੍ਹਾਂ ਦੀ ਤੁਲਨਾ ਭਿਖਾਰੀਆਂ ਨਾਲ ਕਰ ਸਕਦੇ ਹੋ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ਦੌਰਾਨ ਆਖਿਆ ਸੀ ਕਿ ਜਿਹੜਾ ਵਿਅਕਤੀ ਪਕੌੜੇ ਵੇਚਦਾ ਹੈ, ਉਹ ਆਪਣਾ ਕੰਮ ਕਰ ਰਿਹਾ ਹੈ। ਆਪਣੇ ਇਕ ਘੰਟੇ ਤੋਂ ਵਧ ਸਮੇਂ ਤਕ ਦਿੱਤੇ ਭਾਸ਼ਣ ਦੌਰਾਨ ਸ੍ਰੀ ਸ਼ਾਹ ਨੇ ਮੰਨਿਆ ਕਿ ਮੁਲਕ ’ਚ ਬੇਰੁਜ਼ਗਾਰੀ ਦੀ ਸਮੱਸਿਆ ਹੈ ਪਰ ਕਾਂਗਰਸ ਨੇ ਤਾਂ ਕਈ ਵਰ੍ਹੇ ਮੁਲਕ ’ਚ ਸ਼ਾਸਨ ਕੀਤਾ ਹੈ। ‘ਅਸੀਂ ਤਾਂ ਸਿਰਫ਼ ਅੱਠ ਸਾਲ ਹੀ ਸੱਤਾ ’ਚ ਰਹੇ ਹਾਂ।’ ਕਾਂਗਰਸ ਵੱਲੋਂ ਜੀਐਸਟੀ ਨੂੰ ਗੱਬਰ ਸਿੰਘ ਟੈਕਸ’ ਆਖੇ ਜਾਣ ’ਤੇ ਸ੍ਰੀ ਸ਼ਾਹ ਨੇ ਕਿਹਾ ਕਿ ਕੀ ਜੀਐਸਟੀ ਕੋਈ ਡਕੈਤੀ ਹੈ? ‘ਇਹ ਕੋਈ ਡਕੈਤੀ ਨਹੀਂ ਹੈ ਸਗੋਂ ਮਿਲਦਾ ਮਾਲੀਆ ਵਿਧਵਾਵਾਂ ਅਤੇ ਗਰੀਬਾਂ ਨੂੰ ਵੱਖ ਵੱਖ ਸਬਸਿਡੀਆਂ ਲਈ ਅਦਾ ਕੀਤਾ ਜਾਂਦਾ ਹੈ।’ ਭਾਜਪਾ ਪ੍ਰਧਾਨ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੋ ਸਮੇਂ ਕਰਾਉਣ ਦੀ ਵੀ ਵਕਾਲਤ ਕੀਤੀ। ਇਸ ਤੋਂ ਇਲਾਵਾ ਬਿਜਲੀ ਸਪਲਾਈ, ਪਖਾਨਿਆਂ, ਗੈਸ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਸਮੇਤ ਸਰਕਾਰ ਵੱਲੋਂ ਚੁੱਕੇ ਗਏ ਹੋਰ ਕਦਮਾਂ ਨੂੰ ਵੀ ਛੋਹਿਆ।

Be the first to comment

Leave a Reply