ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਕਿਹਾ ਹੈ ਕਿ ਉਹ ਗੱਲਾਂ ਘੱਟ ਮਾਰੇ ਅਤੇ ਕੰਮ ਕਰਨ ਵੱਲ ਵੱਧ ਧਿਆਨ ਦੇਵੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਹੈ ਕਿ ਉਹ ਗੱਲਾਂ ਘੱਟ ਮਾਰੇ ਅਤੇ ਕੰਮ ਕਰਨ ਵੱਲ ਵੱਧ ਧਿਆਨ ਦੇਵੇ। ਪਾਰਟੀ ਨੇ ਮੰਤਰੀ ਨੂੰ ਇਹ ਵੀ ਪੁੱਿਛਆ ਹੈ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਨੁਕਸਦਾਰ ਫਾਇਰ ਵਾਹਨਾਂ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਸੂਬੇ ਲਈ ਕੀ ਕੀਤਾ ਹੈ?

ਇੱਥੇ ਇਕ ਪ੍ਰੈਸ ਬਿਆਨ ਜਾਰੀ  ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਿੱਧੂ ਨੂੰ ਹਰ ਰੋਜ਼ ‘ਖ਼ਿਆਲੀ ਪੁਲਾਓ’ਨਾ ਪਕਾਉਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਅੱਜ ਸਾਨੂੰ ਤੁਹਾਡੇ ਤਾਜ਼ਾ ਸੁਫਨੇ ਬਾਰੇ ਪਤਾ ਲੱਗਿਆ ਹੈ ਕਿ ਰਾਜ ਨੂੰ ਅਕਾਲੀ-ਭਾਜਪਾ ਹਕੂਮਤ ਦੌਰਾਨ ਪਿਛਲੇ 5 ਸਾਲਾਂ ਵਿਚ ਬਾਹਰੀ ਇਸ਼ਤਿਹਾਰਬਾਜ਼ੀ ਵਿਚ 2500 ਕਰੋੜ ਰੁਪਏ ਦਾ ਘਾਟਾ ਪਿਆ ਹੈ। ਅਸੀਂ ਹੁਣ ਇਹ ਵੇਖਣਾ ਹੈ ਕਿ ਕਿ ਸੂਬੇ ਦਾ ਇਹ ਗੁਆਚਿਆ ਪੈਸਾ ਤੁਸੀਂ ਕਿਸ ਤਰ੍ਹਾਂ ਕਮਾਓਗੇ।ਉਹਨਾਂ ਕਿਹਾ ਕਿ ਜਿਹੜਾ ਤੁਸੀਂ ਬਾਹਰੀ ਇਸ਼ਤਿਹਾਰਬਾਜ਼ੀ ਵਿਚੋਂ 600 ਕਰੋੜ ਰੁਪਏ ਸਾਲਾਨਾ ਕਮਾਈ ਦਾ ਐਲਾਨ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਅਗਲੇ ਤਿੰਨ ਮਹੀਨਿਆਂ ਵਿਚ ਬਾਹਰੀ ਇਸ਼ਤਿਹਾਰਬਾਜ਼ੀ ਰਾਂਹੀ 75 ਕਰੋੜ ਰੁਪਏ ਕਮਾ ਕੇ ਵਿਖਾਓ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਆਪਣੇ ਝੂਠੇ ਬਿਆਨਾਂ ਅਤੇ ਡਰਾਮੇਬਾਜ਼ੀ ਨਾਲ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਨ ਵਾਸਤੇ ਉਹਨਾਂ ਤੋਂ ਮੁਆਫ ਮੰਗੋ।

ਡਾਕਟਰ ਚੀਮਾ ਨੇ ਕਿਹਾ ਕਿ ਸਿੱਧੂ ਅਕਾਲੀਆਂ ਨੂੰ ਲੈ ਕੇ ਸਨਕੀ ਹੋ ਗਿਆ ਲੱਗਦਾ ਹੈ। ਇਹ ਸਨਕ ਉਸ ਨੂੰ ਮੂੰਹ-ਖੁਰ ਦੀ ਬੀਮਾਰੀ ਵਾਂਗ ਚਿੰਬੜ ਚੁੱਕੀ ਹੈ। ਹਰ ਵਾਰ ਜਦੋਂ ਵੀ ਉਹ ਝੂਠੇ ਅਤੇ ਮਨਘੜਤ ਬਿਆਨ ਜਾਰੀ ਕਰਦਾ ਹੈ ਤਾਂ ਅਸੀਂ ਅਸਲੀ ਤੱਥ ਪੇਸ਼ ਕਰਕੇ ਉਸ ਦਾ ਇਸ ਬੀਮਾਰੀ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼  ਕੀਤੀ ਹੈ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀ ਕੁੱਝ ਵੀ ਨਾ ਕਰ ਪਾਉਣ ਦੀ ਹਤਾਸ਼ਾ ਨੇ ਉਸ ਦਾ ਸਿਰ ਘੁੰਮਾ ਦਿੱਤਾ ਹੈ ਅਤੇ ਉਹ ਠੀਕ ਨਹੀਂ ਹੋ ਪਾ ਰਿਹਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਸਿੱਧੂ ਪਿਛਲੀ ਅਕਾਲੀ ਭਾਜਪਾ ਦੁਆਰਾ ਕੀਤੇ ਸਾਰੇ ਚੰਗੇ ਕੰਮਾਂ ਨੂੰ ਪਲਟਾਉਣ ਉੱਤੇ ਤੁਲਿਆ ਹੈ। ਸਿੱਧੂ ਨੇ ਬੀਆਰਟੀਐਸ ਦੇ ਪ੍ਰਾਜੈਕਟ ਨੂੰ ਰੋਕ ਦਿੱਤਾ ਹੈ, ਜਿਸ ਨੂੰ ਅੰਮ੍ਰਿਤਸਰ ਦਾ ਭੀੜ-ਭੜੱਕਾ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਲਈ ਖਰੀਦੀਆਂ 93 ਬੱਸਾਂ ਵਿਚੋਂ 15 ਬੱਸਾਂ ਦੇ ਰੂਟ ਵੀ ਚਾਲੂ ਹੋ ਗਏ ਸਨ, ਇਸ ਦੇ ਬਾਵਜੂਦ ਸਿੱਧੂ ਨੇ ਆਪਣੀ ਅੜੀ ਪੁਗਾਉਣ ਲਈ ਇਸ ਪ੍ਰਾਜੈਕਟ ਨੂੰੂ ਅਧਵਾਟੇ ਬੰਦ ਕਰਵਾ ਦਿੱਤਾ। ਇਸ ਤੋਂ ਪਹਿਲਾਂ ਸਿੱਧੂ ਨੇ ਹਰੀਕੇ ਪੱਤਣ ਵਿਖੇ ਜਲ ਬੱਸ ਵਾਲਾ ਪ੍ਰਾਜੈਕਟ ਬੰਦ ਕਰਵਾ ਦਿੱਤਾ ਜੋ ਕਿ ਇਸ ਵੈਟਲੈਂਡ ਨੂੰ ਕੌਮਾਂਤਰੀ ਸੈਰ ਸਪਾਟੇ ਦੇ ਨਕਸ਼ੇ ਵਿਚ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ।

ਸਿੱਧੂ ਨੂੰ ਇਹ ਕਹਿੰਦਿਆਂ ਕਿ ਉਹ ਅਕਾਲੀ ਦਲ ਪ੍ਰਤੀ ਆਪਣੀ ਨਫਰਤ ਨੂੰ ਸੂਬੇ ਵਿਕਾਸ ਦੇ ਰਾਹ ਦਾ ਰੋੜਾ ਨਾ ਬਣਾਏ, ਡਾਕਟਰ ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਸ ਨੂੰ ਲੋਕਾਂ ਦੀ ਸੇਵਾ ਕਰਨ ਲਈ ਫਤਵਾ ਮਿਲਿਆ ਹੈ, ਲੋਕਾਂ ਨਾਲ ਵਿਤਕਰਾ ਕਰਨ ਲਈ ਨਹੀਂ। ਪ੍ਰਸਾਸ਼ਨ ਕੋਈ ਕਾਮੇਡੀ ਸਰਕਸ ਨਹੀਂ ਹੈ ਕਿ ਤੁਸੀਂ ਠਹਾਕਾ ਮਾਰ ਕੇ ਹਰ ਗੱਲ ਨੂੰ ਹਾਸੇ ਵਿਚ ਉਡਾ ਦਿਓਗੇ। ਇੱਥੇ ਤੁਹਾਨੂੰ ਆਪਣੇ ਮੂੰਹੋਂ ਕੱਢੇ ਬੋਲ ਪੁਗਾਉਣੇ ਪੈਣਗੇ। ਪੰਜ ਮਹੀਨੇ ਬੀਤ ਚੁੱਕੇ ਹਨ ਅਤੇ ਤੁਸੀਂ ਸੂਬੇ ਲਈ ਅਜੇ ਤੀਕ ਕੋਈ ਯੋਗਦਾਨ ਨਹੀਂ ਪਾਇਆ। ਤੁਸੀਂ ਸਿਰਫ ਇੱਕੋ ਕੰਮ ਫਾਇਰ ਵਾਹਨਾਂ ਨੂੰ ਹਰੀ ਝੰਡੀ ਦੇਣ ਦਾ ਕੀਤਾ ਸੀ, ਜਿਹੜੇ ਕਿ ਕੁੱਝ ਕਿਲੋਮੀਟਰ ਚੱਲ ਕੇ ਹੀ ਬੰਦ ਹੋ ਗਏ ਸਨ, ਜਿਸ ਕਰਕੇ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।  ਇਸ ਲਈ ਤੁਹਾਡੇ ਲਈ ਚੰਗਾ ਹੋਵੇਗਾ ਕਿ ਪਹਿਲਾਂ ਇਹ ਸਿੱਖ ਲਵੋ ਕਿ ਸਰਕਾਰ ਕੰਮ ਕਿਵੇਂ ਕਰਦੀ ਹੈ ਅਤੇ ਆਪਣੇ ਅੰਦਰ ਇੱਕ ਮੰਤਰੀ ਵਾਸਤੇ ਲੋੜੀਂਦੇ ਗੁਣ ਪੈਦਾ ਕਰ ਲਵੋ। ਉਸ ਤੋਂ ਬਾਅਦ ਹੀ ਤੁਸੀਂ ਜਨਤਾ ਦੀ ਭਲਾਈ ਲਈ ਕੁੱਝ ਕਰ ਪਾਓਗੇ।

Be the first to comment

Leave a Reply