ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੀ ਮਿਤੀ ਤੈਅ ਹੋਣ ਤੋਂ ਪਹਿਲਾਂ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਦੌੜ ਹੋ ਗਈ ਤੇਜ਼

ਚੰਡੀਗੜ੍ਹ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਦੀ ਚੋਣ ਦੀ ਮਿਤੀ ਤੈਅ ਹੋਣ ਤੋਂ ਪਹਿਲਾਂ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਦੌੜ ਤੇਜ਼ ਹੋ ਗਈ ਹੈ। ਨਵੰਬਰ ਮਹੀਨੇ ਦੇ ਅੰਤ ਵਿਚ ਇਹ ਚੋਣ ਹੋਣ ਦੀ ਪੂਰੀ ਸੰਭਾਵਨਾ ਹੈ। ਕਮੇਟੀ ਨੇ ਆਪਣੀ ਅੰਤ੍ਰਿਮ ਕਮੇਟੀ ਦੀ ਇਕ ਅਹਿਮ ਮੀਟਿੰਗ 6 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਸੱਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦਿਨ ਇਸ ਚੋਣ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਪ੍ਰਧਾਨਗੀ ਲਈ ਵੀ ਵੱਖ-ਵੱਖ ਆਗੂਆਂ ਦੀ ਦੌੜ ਲੱਗ ਗਈ ਹੈ। ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਇਸ ਸਬੰਧੀ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਬਿਨਾਂ ਸ਼ੱਕ ਸ਼੍ਰੋਮਣੀ ਕਮੇਟੀ ‘ਤੇ ਅਕਾਲੀ ਦਲ ਦਾ ਬਹੁਮਤ ਹੈ, ਇਸ ਲਈ ਅਗਲਾ ਪ੍ਰਧਾਨ ਵੀ ਅਕਾਲੀ ਦਲ ਦੇ ਮੈਂਬਰਾਂ ਦੀ ਇੱਛਾ ਵਾਲਾ ਹੀ ਹੋਵੇਗਾ ਪਰ ਕਿਹਾ ਜਾਂਦਾ ਹੈ ਕਿ ਨਵੀਂ ਚੋਣ ਬਾਰੇ ਅਕਾਲੀ ਦਲ ਦੇ ਸੰਸਥਾਪਕ ਪ੍ਰਕਾਸ਼ ਸਿੰਘ ਬਾਦਲ ਤੋਂ ਭੇਤ ਲੈਣਾ ਨਾਮੁਮਕਿਨ ਹੁੰਦਾ ਹੈ। ਦੂਜੇ ਪਾਸੇ ਪ੍ਰਧਾਨ ਦੀ ਦੌੜ ਵਿਚ ਸਭ ਤੋਂ ਅੱਗੇ ਜਥੇਦਾਰ ਅਮਰਜੀਤ ਸਿੰਘ ਚਾਵਲਾ, ਬੀਬੀ ਜਗੀਰ ਕੌਰ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਨਾਮ ਹੈ।
ਮੌਜੂਦਾ ਸਮੇਂ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਕੰਮ ਤੋਂ ਜ਼ਿਆਦਾ ਖੁਸ਼ ਨਹੀਂ ਹਨ। ਪੰਜਾਬ ਵਿਚ ਇਸ ਸਮੇਂ ਅਕਾਲੀ ਦਲ ਦੀ ਸਰਕਾਰ ਵੀ ਨਹੀਂ ਹੈ ਅਤੇ ਸੱਤਾਧਾਰੀ ਕਾਂਗਰਸ ਵੱਲੋਂ ਵੀ ਧਰਮ ਵਿਚ ਅਸਿੱਧੇ ਤੌਰ ‘ਤੇ ਦਖਲ-ਅੰਦਾਜ਼ੀ ਨੂੰ ਲੈ ਕੇ ਪਾਰਟੀ ਚਿੰਤਾ ਵਿਚ ਹੈ। ਗਰਮਖਿਆਲੀ ਪੰਥਕ ਧਿਰਾਂ ਵੱਲੋਂ ਵੀ ਜਿਸ ਤਰ੍ਹਾਂ ਸਮਾਨਾਂਤਰ ਕਾਰਵਾਈਆਂ ਚਲਾਈਆਂ ਜਾ ਰਹੀਆਂ ਹਨ, ਨੂੰ ਲੈ ਕੇ ਵੀ ਪਾਰਟੀ ਵਿਚ ਚਿੰਤਾ ਹੈ। ਸੂਤਰਾਂ ਅਨੁਸਾਰ ਪਾਰਟੀ ਇਸ ਦੇ ਲਈ ਸ਼੍ਰੋਮਣੀ ਕਮੇਟੀ ‘ਤੇ ਕਿਸੇ ਠੋਸ ਵਿਅਕਤੀ ਨੂੰ ਚਾਹੁੰਦੀ ਹੈ। ਜਥੇਦਾਰ ਬਡੂੰਗਰ ਬਾਰੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਹ ਕਾਬਿਲ ਹਨ, ਧਾਰਮਿਕ ਹਨ ਅਤੇ ਸਨਮਾਨਯੋਗ ਸ਼ਖ਼ਸ ਹਨ ਪਰ ਇਸ ਬਾਰੇ ਫੈਸਲਾ ਪਾਰਟੀ ਨੇ ਹੀ ਕਰਨਾ ਹੈ।

Be the first to comment

Leave a Reply