ਸਕਰੀਪਲ ਨੂੰ ਜ਼ਹਿਰ ਦੇਣ ਵਾਲੇ 2 ਸ਼ੱਕੀ ਆਮ ਨਾਗਰਿਕ ਹਨ – ਪੁਤਿਨ

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟੇਨ ਵਿਚ ਸਾਬਕਾ ਜਾਸੂਸ ਸਰਜੇਈ ਸਕਰੀਪਲ ਨੂੰ ਨਰਵ ਏਜੰਟ ਜ਼ਹਿਰ ਦੇਣ ਵਾਲੇ ਜਿਹੜੇ ਦੋ ਵਿਅਕਤੀਆਂ ਨੂੰ ਸ਼ੱਕੀ ਦੱਸਿਆ ਗਿਆ ਹੈ ਉਹ ਅਪਰਾਧੀ ਨਹੀਂ ਹਨ ਸਗੋਂ ਉਨ੍ਹਾਂ ਦੀ ਪਛਾਣ ਗੈਰ ਮਿਲਟਰੀ ਨਾਗਰਿਕਾਂ ਦੇ ਰੂਪ ਵਿਚ ਕੀਤੀ ਗਈ ਹੈ। ਵਲਾਦੀਵੋਸਤੋਕ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋਆਬੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ਵਿਚ ਇਕ ਆਰਥਿਕ ਫੋਰਮ ਵਿਚ ਪੁਤਿਨ ਨੇ ਦੋਹਾਂ ਵਿਅਕਤੀਆਂ ਨੂੰ ਮੀਡੀਆ ਨੂੰ ਸੰਬੋਧਿਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਿਚ ਕੁਝ ਵੀ ਅਪਰਾਧਿਕ ਨਹੀਂ ਹੈ। ਉਨ੍ਹਾਂ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਉਹ ਕੌਣ ਹਨ, ਅਸੀਂ ਉਨ੍ਹਾਂ ਬਾਰੇ ਪਤਾ ਲਗਾਇਆ ਹੈ। ਉਹ ਨਿਸ਼ਚਿਤ ਤੌਰ ‘ਤੇ ਆਮ ਨਾਗਰਿਕ ਹਨ। ਬ੍ਰਿਟੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਸ਼ੱਕੀ ਵਿਅਕਤੀ ਰੂਸ ਦੀ ਫੌਜ ਦੀ ਖੁਫੀਆ ਏਜੰਸੀ ਦੇ ਮੈਂਬਰ ਹਨ। ਉਨ੍ਹਾਂ ਦੇ ਇਸ ਦਾਅਵੇ ਦੇ ਬਾਅਦ ਪੁਤਿਨ ਦੀ ਇਹ ਪ੍ਰਤੀਕਿਰਿਆ ਆਈ ਹੈ। ਪੁਤਿਨ ਨੇ ਦੋਹਾਂ ਸ਼ੱਕੀਆਂ ਨੂੰ ਪੱਤਰਕਾਰਾਂ ਨਾਲ ਗੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ਮੈਂ ਆਸ ਕਰਦਾ ਹਾਂ ਕਿ ਉਹ ਸਾਹਮਣੇ ਆਉਣਗੇ ਅਤੇ ਆਪਣੇ ਬਾਰੇ ਵਿਚ ਦੱਸਣਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਉੱਥੇ ਕੁਝ ਵੀ ਖਾਸ ਨਹੀਂ ਹੈ। ਕੁਝ ਵੀ ਅਪਰਾਧਿਕ ਨਹੀਂ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਰੂਸ ਦੀ ਮਿਲਟਰੀ ਖੁਫੀਆ ਏਜੰਸੀ ਜੀ.ਆਰ.ਯੂ. ਦੇ 2 ਸ਼ੱਕੀ ਮੈਂਬਰਾਂ ਅਲੈਗਜੈਂਡਰ ਪੈਤਰੋ ਅਤੇ ਰੂਸਲਾਨ ਬੋਸ਼ੀਰੋਵ ਵਿਰੁੱਧ ਯੂਰਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਦੋਵੇਂ 4 ਮਾਰਚ ਨੂੰ ਸਾਲਿਸਬਰੀ ਵਿਚ ਰੂਸ ਦੇ ਸਾਬਕਾ ਜਾਸੂਸ ਸਕਰੀਪਲ ਅਤੇ ਉਸ ਦੀ ਬੇਟੀ ਯੂਲੀਆ ‘ਤੇ ਨੋਵਿਚੋਕ ਨਰਵ ਏਜੰਟ ਹਮਲਾ ਕਰਨ ਦੇ ਦੋਸ਼ੀ ਹਨ। ਬ੍ਰਿਟੇਨ ਦਾ ਮੰਨਣਾ ਹੈ ਕਿ ਰੂਸ ਨੇ ਇਹ ਹਮਲਾ ਕਰਵਾਇਆ ਸੀ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਇਸ ਹਮਲੇ ਲਈ ਪੁਤਿਨ ਜ਼ਿੰਮੇਵਾਰ ਹਨ ਜਦਕਿ ਰੂਸ ਨੇ ਇਸ ਦਾਅਵੇ ਦਾ ਸਖਤ ਖੰਡਨ ਕੀਤਾ ਹੈ।