‘ਸਨਅਤਕਾਰ, ਬਿਜਲੀ ਦਰਾਂ ਦੇ ਵਾਧੇ ਖ਼ਿਲਾਫ ਹਾਈਕੋਰਟ ਜਾਣ ਲਈ ਤਿਆਰ

ਚੰਡੀਗੜ੍ਹ: ਬਿਜਲੀ ਦਰਾਂ ਦੇ ਵਾਧੇ ਖ਼ਿਲਾਫ਼ ਸਨਅਤਕਾਰਾਂ ਦੀ ਜਥੇਬੰਦੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਖਲ ਕੀਤੀ ਜਾਵੇਗੀ।ਫੈਡਰੇਸ਼ਨ ਆਫ਼ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਨੇ ਰੈਗੂਲੇਟਰੀ ਕਮਿਸ਼ਨ ਦੇ ਇਸ ਵਾਧੇ ਨੂੰ ਉਦਯੋਗ ਵਿਰੋਧੀ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਜਲਦ ਹਾਈਕੋਰਟ ਜਾਣਗੇ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਦਾ ਹਰ ਪਾਸਿਓਂ ਤਿੱਖਾ ਵਿਰੋਧ ਹੋ ਰਿਹਾ ਹੈ।

ਜਥੇਬੰਦੀ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਕਮਿਸ਼ਨ ਨੇ ਇਹ ਵਾਧਾ ਪਹਿਲੀ ਅਪਰੈਲ ਤੋਂ ਲਾਗੂ ਕੀਤਾ ਹੈ, ਜੋ ਕਿ ਉਦਯੋਗਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ 1 ਨਵੰਬਰ ਤੋਂ ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਐਲਾਨ ਕੀਤਾ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਉਪਰ 9.33 ਫ਼ੀਸਦੀ ਦਾ ਵਾਧੂ ਬੋਝ ਪਾ ਦਿੱਤਾ ਹੈ।

ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ਲ ਆਰਗੇਨਾਈਜ਼ੇਸ਼ਨ ਨੇ ਵੀ ਇਸ ਵਾਧੇ ਨੂੰ ਉਦਯੋਗ ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਕਮਿਸ਼ਨ ਨੇ 1 ਅਪਰੈਲ ਤੋਂ ਇਹ ਨਵੀਆਂ ਦਰਾਂ ਲਾਗੂ ਕਰਕੇ ਆਪਣੀ ਗੈਰ-ਜ਼ਿੰਮੇਵਾਰੀ ਦਾ  ਭਾਰ ਉਦਯੋਗਾਂ ਉਪਰ ਪਾ ਦਿੱਤਾ ਹੈ ਕਿਉਂਕਿ ਕਮਿਸ਼ਨ ਨਵੀਆਂ ਦਰਾਂ ਬਾਰੇ ਫ਼ੈਸਲਾ ਸਮੇਂ ਸਿਰ ਨਹੀਂ ਕਰ ਸਕਿਆ ਅਤੇ ਇਸ ਦੀ ਸਜ਼ਾ ਉਨ੍ਹਾਂ  ਨੂੰ ਦੇ ਦਿੱਤੀ ਗਈ ਹੈ।

Be the first to comment

Leave a Reply