ਸਪੀਕਰ ਨੇ ਖਹਿਰਾ ਨੂੰ ਕੀਤਾ ਪੂਰੇ ਸੈਸ਼ਨ ਲਈ ਮੁਅੱਤਲ

ਚੰਡੀਗੜ੍ਹ –  ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੀਆਂ ਬੈਠਕਾਂ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੰਗਾਮੇ ਅਤੇ ਸ਼ੋਰ-ਸ਼ਰਾਬੇ ਹੋ ਰਹੇ ਹਨ। ਸੈਸ਼ਨ ਦੇ ਪਹਿਲੇ ਦਿਨ ਜਿੱਥੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੂੰ ਵਿਧਾਨ ਸਭਾ ਵਿਚ ਸ਼ਰਧਾਂਜ਼ਲੀ ਭੇਂਟ ਕਰਨ ਦੇ ਮੁੱਦੇ ਉਤੇ ਸੱਤਾਧਿਰ ਕਾਂਗਰਸ ਅਤੇ ਦੂਜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿਚ ਟਕਰਾਅ ਵੇਖਣ ਨੂੰ ਮਿਲਿਆ ਉਥੇ ਹੀ ਸਦਨ ਦੇ ਦੂਜੇ ਦਿਨ ਅਤੇ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚਕਾਰ ਤਿੱਖੀ ਤਕਰਾਰ ਤੇ ਟਕਰਾਅ ਹੋਇਆ। ਹਾਲਾਤ ਇੱਥੋਂ ਤੱਕ ਪਹੁੰਚ ਗਏ ਨੌਬਤ ਇੱਕ-ਦੂਜੇ ਨਾਲ ਧੱਕਾਮੁੱਕੀ ਉਤੇ ਆ ਗਈ। ਇਸ ਦੌਰਾਨ ਵਿਧਾਨ ਸਭਾ ਵਿਚ ਭਾਰੀ ਹੰਗਾਮਾ ਹੋਇਆ। ਜਦੋਂ ਦੋਵੇਂ ਧਿਰਾਂ ਦੇ ਵਿਧਾਇਕ ਆਪਸ ਵਿਚ ਧੱਕਾਮੁੱਕੀ ਅਤੇ ਤੂੰ-ਤੂੰ, ਮੈਂ-ਮੈਂ ਹੋਏ ਉਸ ਸਮੇਂ ਸਦਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਹੋਏ ਸਨ। ਇਸ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਇੱਕ-ਦੂਜੇ ਨੂੰ ਚੁਣੌਤੀ ਦਿੰਦੇ ਹੋਏ ‘ਵੈਲ’ ਵਿਚ ਆ ਕੇ ਨਾਅਰੇਬਾਜ਼ੀ ਤੇ ਸ਼ੋਰ-ਸ਼ਰਾਬਾ ਕੀਤਾ। ਇਸ ਵਿਚਕਾਰ ਦੋਵੇਂ ਪੱਖਾਂ ਦੇ ਵਿਧਾਇਕਾਂ ਦੇ ਨਾਲ ਇੱਕ-ਦੂਜੇ ਵਲੋਂ ਧੱਕਾਮੁੱਕੀ ਵੀ ਹੋਈ। ਉਕਤ ਖਿਚੋਤਾਣ ਤੇ ਧੱਕਾ-ਮੁੱਕੀ ਉਸ ਸਮੇਂ ਹੋਈ ਜਦੋਂ ਸੈਸ਼ਨ ਦੀ ਕਾਰਵਾਈ ਵਿਧਾਨ ਸਭਾ ਦੇ ਸਪੀਕਰ ਵਲੋਂ ਕੁੱਝ ਸਮੇਂ ਲਈ ਮੁਲਤਵੀ ਕੀਤੀ ਹੋਈ ਸੀ। ਜਦੋਂ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਦ ਕਾਂਗਰਸੀ ਤੇ ਅਕਾਲੀ ਵਿਧਾਇਕ ਆਪਸ ਵਿਚ ਖਹਿਬੜ ਰਹੇ ਸਨ ਤਦ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਮੋਬਾਇਲ ਰਾਹੀ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਫੇਸਬੁੱਕ ਉਤੇ ਅੱਪਲੋਡ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਮਾਮਲਾ ਸਪੀਕਰ ਦੇ ਧਿਆਨ ਵਿਚ ਸੰਸਦੀ ਮਾਮਲਿਆ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਲਿਆਂਦਾ ਤਾਂ ਸਪੀਕਰ ਨੇ ਸੁਖਪਾਲ ਖਹਿਰਾ ਖਿਲਾਫ ਮਰਿਯਾਦਾ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ।
ਸ਼ੁੱਕਵਾਰ ਨੂੰ ਵਿਧਾਨ ਸਭਾ ਵਿਚ ਕੰਮਕਾਜ ਦੇ ਨਾਲ-ਨਾਲ ਜ਼ੋਰਦਾਰ ਹੰਗਾਮੇ ਵੇਖਣ ਨੂੰ ਮਿਲੇ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਸ਼ਨ ਕਾਲ ਸ਼ੁਰੂ ਹੋਣ ਦੇ ਨਾਲ ਹੀ ਕਿਸਾਨੀ ਕਰਜ਼ਾ ਅਤੇ ਕੁਰਕੀ ਖ਼ਤਮ ਕਰਨ ਦੇ ਮੁੱਦਿਆਂ ਨੂੰ ਲੈ ਕੇ “ਵੈਲ“ ਵਿਚ ਆ ਕੇ ਨਾਅਰੇਬਾਜ਼ੀ ਤੇ ਸ਼ੋਰ-ਸ਼ਰਾਬਾ ਕੀਤਾ। ਅਕਾਲੀ ਵਿਧਾਇਕ ਸਰਕਾਰ ਖਿਲਾਫ ਆਪਣਾ ਰੋਸ ਜਿਤਾਉਂਦੇ ਹੋਏ ‘ਵੈਲ’ ਵਿਚ ਡਟੇ ਰਹੇ। ਪ੍ਰੰਤੂ ਇਸ ਵਿਚਕਾਰ ਸਪੀਕਰ ਨੇ ਸ਼ੋਰਸ਼ਰਾਬੇ ਤੇ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਜਾਰੀ ਰੱਖੀ। ਜਦੋਂ ਅਕਾਲੀ ਵਿਧਾਇਕ ਉਕਤ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਖਿਲਾਫ ਹੰਗਾਮੇ ਕਰ ਰਹੇ ਸਨ ਤਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਾਰ-ਵਾਰ ਅਕਾਲੀ ਵਿਧਾਇਕਾਂ ਉਤੇ ਆਪਣੇ ਲਹਿਜ਼ੇ ਅਨੁਸਾਰ ਲਫਜ਼ਾਂ ਦੇ ਤਿੱਖੇ ਤੀਰ ਛੱਡ ਰਹੇ ਸਨ। ਜਿਸ ਕਾਰਨ ਅਕਾਲੀ ਵਿਧਾਇਕ ਕਾਫ਼ੀ ਗੁੱਸੇ ਵਿਚ ਨਜ਼ਰ ਆਏ। ਸਿੱਧੂ ਜਦੋਂ ਵੀ ਕਿਸੇ ਸਵਾਲ ਦਾ ਜਵਾਬ ਦੇਣ ਲਈ ਖੜ੍ਹੇ ਹੁੰਦੇ ਉਦੋਂ ਹੀ ਅਕਾਲੀ ਵਿਧਾਇਕ ਆਪਣੀ ਨਾਅਰੇਬਾਜ਼ੀ ਹੋਰ ਤੇਜ਼ ਕਰ ਦਿੰਦੇ ਸਨ। ਇਸ ਵਿਚਕਾਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅਕਾਲੀ ਦਲ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸਿੱਧੂ ਉਤੇ ਨਿੱਜੀ ਹਮਲੇ ਕਰ ਰਹੇ ਹਨ। ਮੰਤਰੀ ਦੇ ਇੰਨਾ ਕਹਿੰਦੇ ਸਾਰ ਹੀ ਕਾਂਗਰਸੀ ਵਿਧਾਇਕ ਵੀ ਖੜ੍ਹੇ ਹੋ ਕੇ ‘ਵੈਲ’ ਵਿਚ ਅਕਾਲੀਆਂ ਦੇ ਬਰਾਬਰ ਆ ਕੇ ਨਾਅਰੇਬਾਜ਼ੀ ਕਰਨ ਲੱਗੇ।

Be the first to comment

Leave a Reply