ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਹਰਿੰਦਰ ਸਿੰਘ ਨਾਂ ਦੇ ਪੰਜਾਬੀ ਸਿੱਖ ਨੇ ਗੁਰਦੁਵਾਰਿਆਂ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਪ੍ਰਚਾਰ ਲਈ ਟਵਿੱਟਰ ਦਾ ਸਹਾਰਾ ਲਿਆ। ਉਨ੍ਹਾਂ ਲਿਖਿਆ ਕਿ ਜੇਕਰ ਕਿਸੇ ਨੂੰ ਭੋਜਨ, ਰਹਿਣ ਲਈ ਥਾਂ ਆਦਿ ਸਹਾਇਤਾ ਚਾਹੀਦੀ ਹੈ ਤਾਂ ਸਪੈਨਿਸ਼ ਸ਼ਹਿਰ ਵਿੱਚ ਸਿੱਖਾਂ ਦੇ ਪ੍ਰਾਰਥਨਾ-ਘਰ ਸਾਰਿਆਂ ਲਈ ਖੁੱਲ੍ਹੇ ਹਨ।

ਆਪਣੇ ਟਵੀਟ ਵਿੱਚ ਉਨ੍ਹਾਂ ਬਾਰਸੀਲੋਨਾ ਦੇ ਦੋ ਗੁਰਦੁਵਾਰਿਆਂ, ਗੁਰਦੁਵਾਰਾ ਨਾਨਕਸਰ ਸਾਹਿਬ ਤੇ ਗੁਰਦੁਵਾਰਾ ਗੁਰਦਰਸ਼ਨ ਸਾਹਿਬ ਜੀ ਦੇ ਪਤੇ ਵੀ ਸਾਂਝੇ ਕੀਤੇ ਤਾਂ ਜੋ ਕਿਸੇ ਲੋੜਵੰਦ ਨੂੰ ਆਸਾਨੀ ਨਾਲ ਮਿਲ ਸਕਣ। ਇਸ ਹਮਲੇ ਵਿੱਚ ਕਿਸੇ ਭਾਰਤੀ ਦੀ ਮੌਤ ਨਹੀਂ ਹੋਈ। ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪੇਨ ਵਿੱਚ ਭਾਰਤੀ ਸਫ਼ਾਰਤਖਾਨੇ ਦਾ ਸੰਪਰਕ ਨੰਬਰ ਸਾਂਝਾ ਕਰਦਿਆਂ ਕਿਹਾ ਕਿ ਕੋਈ ਵੀ ਭਾਰਤੀ ਨਾਗਰਿਕ ਇੱਥੋਂ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਸਥਾਨਕ ਪੁਲਿਸ ਨੇ ਬਾਰਸੀਲੋਨਾ ਵਿੱਚ ਘਟਨਾ ਸਥਾਨ ਦੇ ਨਜ਼ਦੀਕ ਵੱਸਦੇ ਲੋਕਾਂ ਨੂੰ ਕੁਝ ਸਮੇਂ ਲਈ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਦੱਸਣਾ ਬਣਦਾ ਹੈ ਕਿ ਬੀਤੇ ਦਿਨ ਇੱਥੇ ਸ਼ਹਿਰ ਦੀ ਮਸ਼ਹੂਰ ਤੇ ਭੀੜ-ਭੜੱਕੇ ਵਾਲੀ ਗਲੀ ਵਿੱਚ ਅੱਤਵਾਦੀਆਂ ਨੇ ਪੈਦਲ ਆ ਜਾ ਰਹੇ ਲੋਕਾਂ ‘ਤੇ ਵੈਨ ਚੜ੍ਹਾ ਦਿੱਤੀ ਸੀ। ਇਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 100 ਤੋਂ ਵਧੇਰੇ ਜ਼ਖ਼ਮੀ ਹੋ ਗਏ ਸਨ।

Be the first to comment

Leave a Reply