ਸਰਕਾਰ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਰੱਦ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵੱਲੋਂ ਲਏ ਫੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਬਾਰੇ ਆਖਿਆ ਕਿ ਸੂਬੇ ਵਿੱਚ ਬਿਜਲੀ ਦੀ ਮੰਗ ਘਟਣ ਤੇ ਹੋਰ ਬਦਲਵੇਂ ਵਸੀਲਿਆਂ ਤੋਂ ਸਸਤੀ ਬਿਜਲੀ ਦੀ ਮੌਜੂਦਗੀ ਹੋਣ ਜਿਹੇ ਅਹਿਮ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਕਿਸੇ ਵੀ ਮੁਲਾਜ਼ਮ ਦੇ ਰੁਜ਼ਗਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਸਾਰੇ ਕਾਮਿਆਂ ਦੀਆਂ ਸੇਵਾਵਾਂ ਉਸੇ ਇਲਾਕੇ ਵਿਚ ਹੀ ਲਈਆਂ ਜਾਣਗੀਆਂ। ਮੁੱਖ ਮੰਤਰੀ ਨੇ ਆਖਿਆ ਕਿ ਬੰਦ ਕੀਤੇ ਥਰਮਲ ਪਲਾਂਟ ਦੇ ਕਾਰਜ ਪੂਰੀ ਤਰ੍ਹਾਂ ਠੱਪ ਹੋਣ ਤੋਂ ਬਾਅਦ ਬਠਿੰਡਾ ਪਲਾਂਟ ਦੀ ਵਾਧੂ ਮਾਨਵੀ ਸ਼ਕਤੀ ਦੀਆਂ ਸੇਵਾਵਾਂ ਉਨ੍ਹਾਂ ਕੰਮਾਂ ਲਈ ਲਈਆਂ ਜਾਣਗੀਆਂ, ਜਿੱਥੇ ਸਟਾਫ ਦੀ ਥੁੜ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਉਤਪਾਦਨ ਵਧੇਗਾ ਕਿਉਂਕਿ ਇਸ ਨਾਲ ਬਿਜਲੀ ਪੈਦਾ ਕਰਨ ਲਈ ਪੈਂਦੀ ਵੱਧ ਕੀਮਤ ਨੂੰ ਠੱਲ੍ਹ ਪਵੇਗੀ ਜਿਸ ਨਾਲ ਪੰਜਾਬ ਰਾਜ ਬਿਜਲੀ ਨਿਗਮ ਦੀ ਬੱਚਤ ਹੋਵੇਗੀ। ਕੈਪਟਨ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਕਿਸੇ ਵੀ ਸਟਾਫ (ਰੈਗੂਲਰ ਜਾਂ ਠੇਕੇ ਦੇ ਅਧਾਰ ’ਤੇ) ਦੀ ਛਾਂਟੀ ਨਹੀਂ ਹੋਵੇਗੀ ਤੇ ਉਨ੍ਹਾਂ ਨੂੰ ਪੂਰੀ ਤਨਖਾਹ ’ਤੇ ਹੀ ਨੇੜਲੀਆਂ ਥਾਵਾਂ ’ਤੇ ਸੇਵਾਵਾਂ ਲਈ ਭੇਜਿਆ ਜਾਵੇਗਾ।

Be the first to comment

Leave a Reply