ਸਰਕਾਰ ਹੁਣ ਹਰ ਸਾਲ 77 ਹਜਾਰ ਸੀਨੀਅਰ ਸਿਟੀਜ਼ਨਜ਼ ਨੂੰ ਮੁਫਤ ਤੀਰਥ ਯਾਤਰਾ ਦੇ ਲਈ ਸਹੂਲਤ ਦੇਵੇਗੀ

ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਜੁਰਗਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਇਹ ਸਰਕਾਰ ਹੁਣ ਹਰ ਸਾਲ 77 ਹਜਾਰ ਸੀਨੀਅਰ ਸਿਟੀਜ਼ਨਜ਼ (60 ਸਾਲ ਤੋਂ ਵੱਧ ਉਮਰ ਵਾਲਿਆਂ) ਨੂੰ ਮੁਫਤ ਵਿਚ ਤੀਰਥ ਯਾਤਰਾ ਦੇ ਲਈ ਸਹੂਲਤ ਦੇਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਸੀਨੀਅਰ ਸਿਟੀਜ਼ਨਜ਼ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇਗੀ ਅਤੇ ਜਿਹੜੇ ਕਿਸੇ ਸਰਕਾਰੀ ਅਤੇ ਖੁਦ ਮੁਖਤਿਆਰ ਅਦਾਰੇ ਦੇ ਕਰਮਚਾਰੀ ਨਾ ਹੋਣਗੇ, ਉਹ ਹੀ ਇਸ ਸਹੂਲਤ ਦਾ ਲਾਭ ਉਠਾ ਸਕਣਗੇ। ਮਿਲੀ ਜਾਣਕਾਰੀ ਅਨੁਸਾਰ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਹੇਠ ਇਹ ਯਾਤਰਾ ਕਰਵਾਈਆਂ ਜਾਣਗੀਆਂ। ਦਿੱਲੀ ਮੰਤਰੀ ਮੰਡਲ ਦੀ ਬੈਠਕ ਨੇ ਇਸ ਉੱਤੇ ਮੁਹਰ ਲਾਈ ਹੈ। ਜਿਹੜੇ ਪੰਜ ਤੀਰਥ ਯਾਤਰਾ ਰੂਟਾਂ ਨੂੰ ਬਜੁਰਗਾਂ ਦੇ ਲਈ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਵਿਚ ਇੱਕ ਮਥੁਰਾ-ਵ੍ਰਿੰਦਾਵਣ-ਆਗਰਾ-ਫਤਹਿਪੁਰ ਸੀਕਰੀ, ਦੂਸਰਾ ਹਰਿਦੁਆਰ-ਰਿਸ਼ੀਕੇਸ਼-ਨੀਲਕੰਠ, ਤੀਸਰਾ ਪੁਸ਼ਕਰ-ਅਜਮੇਰ, ਚੌਥਾ ਅੰਮ੍ਰਿਤਸਰ-ਆਨੰਦਪੁਰ ਸਾਹਿਬ ਅਤੇ ਪੰਜਵਾਂ ਜੰਮੂ-ਵੈਸ਼ਣੋ ਦੇਵੀ ਸ਼ਾਮਿਲ ਹਨ। ਸਿਸੋਦੀਆ ਨੇ ਦੱਸਿਆ ਕਿ ਰਾਜ ਸਰਕਾਰ ਯਾਤਰਾ ਦੇ ਹੱਕਦਾਰ ਨਾਗਰਿਕਾਂ ਲਈ ਯਾਤਰਾ, ਠਹਿਰਨ ਅਤੇ ਖਾਣ ਦਾ ਪ੍ਰਬੰਧ ਕਰੇਗੀ ਅਤੇ ਹਰ ਤੀਰਥ ਯਾਤਰੀ ਉੱਤੇ ਲੱਗਭੱਗ ਸੱਤ ਹਜਾਰ ਰੁਪਏ ਖਰਚ ਆਵੇਗਾ। ਸੀਨੀਅਰ ਸਿਟੀਜ਼ਨਜ਼ ਆਪਣੇ ਨਾਲ 18 ਸਾਲ ਤੋਂ ਵੱਧ ਉਮਰ ਦਾ ਕੋਈ ਨੌਕਰ ਵੀ ਰੱਖ ਸਕਣਗੇ ਅਤੇ ਇਸ ਦਾ ਖਰਚ ਵੀ ਦਿੱਲੀ ਸਰਕਾਰ ਹੀ ਦੇਵੇਗੀ। ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਹਰ ਯਾਤਰਾ ਚੱਕਰ ਦੀ ਮਿਆਦ ਤਿੰਨ ਦਿਨ ਤੇ ਦੋ ਰਾਤਾਂ ਹੋਵੇਗੀ ਅਤੇ ਹਰ ਸਾਲ ਹਰ ਵਿਧਾਨ ਸਭਾ ਹਲਕੇ ਤੋਂ ਇਸ ਯਾਤਰਾ ਲਈ 1100 ਬਜੁਰਗ ਚੁਣੇ ਜਾਣਗੇ।

Be the first to comment

Leave a Reply