ਸਰਬ ਹਿੰਦ ਅਕਾਲੀ ਕਾਨਫ਼ਰੰਸ ਦੀ ਪ੍ਰਮੁੱਖ ਘਟਨਾ

29 ਅਕਤੂਬਰ 1978 ਨੂੰ ਲੁਧਿਆਣੇ ਵਾਲੀ ਸਰਬ ਹਿੰਦ ਅਕਾਲੀ ਕਾਨਫ਼ਰੰਸ ਦੀ ਪ੍ਰਮੁੱਖ ਘਟਨਾ ਇਹ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਮਿਆਨ ਵਿਚਾਰਧਾਰਕ ਟਕਰਾਅ-ਖੁੱਲ ਕੇ ਸਾਹਮਣੇ ਆਇਆ ਸੀ, ਇਹ ਟਕਰਾਅ ਨਿਰੰਕਾਰੀਆਂ ਨਾਲ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ਨੀਤੀ ਦੇ ਮਾਮਲੇ ਤੇ ਸੀ। ਕਾਨਫ਼ਰੰਸ ਮੌਕੇ ਅਕਾਲੀਆਂ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਟਾਈਮ ਨਾ ਦੇਣਾ, ਲੋਕਾਂ ਵੱਲੋਂ ਸੰਤ ਦੇ ਹੱਕ ‘ਚ ਉੱਠ ਖੜੇ ਹੋਣ ਤੋਂ ਬਾਅਦ ਮਜਬੂਰੀ ਵੱਸ ਟਾਈਮ ਦੇਣਾ, ਸੰਤਾਂ ਵੱਲੋਂ ਨਿਰੰਕਾਰੀ ਮਾਮਲੇ ‘ਤੇ ਸਪਸ਼ਟ ਸਟੈਂਡ ਲੈਣ ਵਾਲੀ ਤਾੜਨਾ ਕਰਨੀ, ਸੰਗਤਾਂ ਵੱਲੋਂ ਸੰਤਾ ਦੀ ਤਕਰੀਰ ਦਾ ਜੋਸ਼ੀਲੇ ਜੈਕਾਰਿਆਂ ਨਾਲ ਸੁਆਗਤ ਕਰਨਾ, ਤਕਰੀਰ ਤੋਂ ਬਾਅਦ ਸੰਤ ਭਿੰਡਰਾਂਵਾਲੇ ਜਦੋਂ ਆਪਣੇ ਸਾਥੀਆਂ ਸਮੇਤ ਕਾਨਫ਼ਰੰਸ ਵਿਚ ਗ਼ੁੱਸੇ ਦੇ ਰੌਂਅ ਵਿਚ ਜਾ ਰਹੇ ਸਨ ਤਾਂ ਉਸ ਮੌਕੇ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵੱਲੋਂ ਉਨ੍ਹਾਂ ਨੂੰ ਢਾਈ ਟੋਟਰੂ ਦਾ ਨਾਮ (ਬਦ-ਨਾਮ ) ਦੇਣਾ, ਇਹ ਸਪਸ਼ਟ ਇਸ਼ਾਰਾ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਚੁੱਪ ਕਰ ਕੇ ਨਹੀਂ ਬੈਠਣਗੇ।

28-29 ਅਕਤੂਬਰ ਨੂੰ ਹੋਈ ਉਹ ਸਰਬ ਹਿੰਦ ਅਕਾਲੀ ਕਾਨਫ਼ਰੰਸ ਅਕਾਲੀ ਦਲ ਦੀ ਪੂਰੀ ਸਿਆਸੀ ਚੜ੍ਹਤ ਦੇ ਦੌਰ ਵਿਚ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ-ਜਨਤਾ ਪਾਰਟੀ ਕੁਲੀਸਨ ਸਰਕਾਰ ਦੇ ਮੁੱਖ ਮੰਤਰੀ ਸਨ ਤੇ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਵਜ਼ਾਰਤ ਵਿਚ ਹਿੱਸੇਦਾਰ ਬਣਿਆ ਸੀ। ਸੁਰਜੀਤ ਬਰਨਾਲਾ ਕੇਂਦਰ ਵਿਚ ਖੇਤੀਬਾੜੀ ਕੈਬਨਿਟ ਮੰਤਰੀ ਤੇ ਧੰਨਾ ਸਿੰਘ ਗੁਲਸ਼ਨ ਸਿੱਖਿਆ ਰਾਜ ਮੰਤਰੀ ਵਜੋਂ ਕੇਂਦਰ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਸੀ। ਪਹਿਲੀ ਵਾਰ ਅਕਾਲੀ ਦਲ ਦੇ 9 ਐਮ.ਪੀ ਬਣੇ ਸੀ। ਅਕਾਲੀ ਦਲ ਹੀ ਸਾਰੇ ਮੁਲਕ ਵਿਚ ਸਿੱਖਾਂ ਦੀ ਇੱਕੋ-ਇੱਕ ਨੁਮਾਇੰਦਾ ਜਮਾਤ ਸੀ। ਅਕਾਲੀ ਦਲ ਨੂੰ ਸਿੱਖਾਂ ਵਿਚੋਂ ਕੋਈ ਚੈਲੰਜ ਨਹੀਂ ਸੀ। 28 ਅਕਤੂਬਰ ਦਾ ਦਿਨ ਤਾਂ ਅਕਾਲੀ ਵੱਲੋਂ ਲੁਧਿਆਣਾ ਸ਼ਹਿਰ ਵਿਚ ਅਕਾਲੀ ਦਲ ਵੱਲੋਂ ਕੱਢੇ ਗਏ ਜਲੂਸ ਵਿਚ ਹੀ ਨਿਕਲ ਗਿਆ।

Be the first to comment

Leave a Reply