ਸਹਾਇਕ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਸੰਗਰੂਰ ਵਿਖੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਦਾ ਉਦਘਾਟਨ

ਸੰਗਰੂਰ – ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਅਤੇ ਉਨ੍ਹਾਂ ਨੂੰ ਸੈਨੇਟਰੀ ਨੈਪਕਿਨ ਖਰੀਦਣ ਸਮੇਂ ਦੂਜਿਆਂ ‘ਤੇ ਨਿਰਭਰ ਹੋਣ ਤੋਂ ਰੋਕਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਸਥਾਪਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਪਤ ਹੋਈ ਇਸ ਮਸ਼ੀਨ ਦਾ ਉਦਘਾਟਨ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਨਾਇਤ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥਣਾਂ ਦੀ ਆਮ ਲੋੜ ਨੂੰ ਮਹਿਸੂਸ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਇਹ ਮਸ਼ੀਨ ਲਗਵਾਈ ਗਈ ਹੈ ਤਾਂ ਜੋ ਸਕੂਲੀ ਵਿਦਿਆਰਥਣਾਂ ਇਸ ਸੁਵਿਧਾ ਦਾ ਇਸਤੇਮਾਲ ਕਰ ਸਕਣ ਅਤੇ ਬਜ਼ਾਰ ਵਿੱਚੋਂ ਸੈਨੇਟਰੀ ਨੈਪਕਿਨ ਹਾਸਲ ਕਰਨ ‘ਚ ਆਉਂਦੀਆਂ ਦਿੱਕਤਾਂ ਤੋਂ ਛੁਟਕਾਰਾ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਮਸ਼ੀਨ ਵਿੱਚ ਨੈਪਕਿਨ ਬਜ਼ਾਰੀ ਕੀਮਤ ਨਾਲੋਂ ਬਹੁਤ ਹੀ ਘੱਟ ਦਰ ‘ਤੇ ਮਹਿਜ਼ 10 ਰੁਪਏ ਵਿੱਚ ਉਪਲਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਮਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਅਜਿਹੀ ਹੀ ਇੱਕ ਮਸ਼ੀਨ ਸਥਾਪਤ ਕੀਤੀ ਗਈ ਹੈ।