ਸਾਜਿਦ ਜਾਵੇਦ ਬਰਤਾਨੀਆ ਦੇ ਪਹਿਲੇ ਮੁਸਲਿਮ ਗ੍ਰਹਿ ਮੰਤਰੀ ਬਣੇ

ਬਰਤਾਨੀਆ ਦੇ ਸਾਬਕਾ ਸੱਭਿਆਚਾਰਕ ਮੰਤਰੀ ਸਾਜਿਦ ਜਾਵੇਦ ਨੂੰ ਅੱਜ ਬਰਤਾਨੀਆ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ | ਵੈਂਡਰਸ਼ ਜਨਰੇਸ਼ਨ ਇਮੀਗੇ੍ਰਸ਼ਨ ਮਾਮਲੇ ‘ਚ ਛਿੜੇ ਵਿਵਾਦ ਤੋਂ ਬਾਅਦ ਕੱਲ੍ਹ ਰਾਤ ਗ੍ਰਹਿ ਮੰਤਰੀ ਐਾਬਰ ਰੂਡ ਵਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਹ ਅਹਿਮ ਅਹੁਦੇ ਲਈ ਸਾਜਿਦ ਜਾਵੇਦ ਦੀ ਚੋਣ ਕੀਤੀ ਗਈ ਹੈ | ਜਾਵੇਦ ਪਾਕਿਸਤਾਨੀ ਮੂਲ ਦੇ ਬੱਸ ਡਰਾਈਵਰ ਦੇ ਬੇਟੇ ਹਨ ਜੋ 1960 ‘ਚ ਪਾਕਿਸਤਾਨ ਤੋਂ ਬਰਤਾਨੀਆ ਆ ਕੇ ਵਸ ਗਏ ਸਨ | ਜ਼ਿਕਰਯੋਗ ਹੈ ਕਿ ਸਾਜਿਦ ਦੇ ਮਾਤਾ ਪਿਤਾ ਦਾ ਜਨਮ ਭਾਰਤ ‘ਚ ਹੋਇਆ ਸੀ ਜੋ ਵੰਡ ਮੌਕੇ ਛੋਟੀ ਉਮਰੇ ਹੀ ਪਾਕਿਸਤਾਨ ਚਲੇ ਗਏ ਸਨ | ਵੈਂਡਰਸ਼ ਮਾਮਲੇ ‘ਚ ਜਾਵੇਦ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਬਹੁਤ ਨਿੱਜੀ ਤੌਰ ‘ਤੇ ਵੇਖ ਰਹੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਪਰਿਵਾਰ, ਮਾਂ ਜਾਂ ਬਾਪ ਵੀ ਪ੍ਰਭਾਵਿਤ ਹੋ ਸਕਦੇ ਸਨ | ਜਾਵੇਦ ਸਾਬਕਾ ਬੈਂਕ ਇਨਵੈਸਟਰ ਤੇ 2010 ‘ਚ ਉਹ ਬਰੋਮਸਗਰੋਵ ਤੋਂ ਸੰਸਦ ਮੈਂਬਰ ਬਣੇ ਤੇ ਉਹ 18 ਮਹੀਨੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਵੀ ਰਹੇ | 48 ਸਾਲਾ ਜਾਵੇਦ ਨੇ ਪਿਛਲੇ ਸਾਲ ਗਰੀਨਫਿਲ ਟਾਵਰ ਦੇ ਅਗਨੀ ਕਾਂਡ ਵਿਚ ਸਰਕਾਰ ਵਲੋਂ ਵਪਾਰ ਤੇ ਸੱਭਿਆਚਾਰਕ ਮੰਤਰੀ ਦੇ ਅਹੁਦੇ ‘ਤੇ ਹੁੰਦਿਆਂ ਅਗਵਾਈ ਕੀਤੀ ਸੀ, 2010 ‘ਚ ਉਹ ਪਹਿਲੀ ਵਾਰ ਸੰਸਦ ‘ਚ ਦਾਖ਼ਲ ਹੋਏ ਤੇ ਉਨ੍ਹਾਂ 2016 ‘ਚ ਈ ਯੂ ਰੈਫਰੈਂਡਮ ਵਿਚ ਯੂਰਪੀਅਨ ਯੂਨੀਅਨ ਵਿਚ ਟਿਕੇ ਰਹਿਣ ਦੇ ਹੱਕ ‘ਚ ਸਨ | ਸਾਜਿਦ ਜਾਵੇਦ ਦੀ ਥਾਂ ਸਾਬਕਾ ਨੌਰਦਨ ਆਇਰਲੈਂਡ ਦੇ ਸੈਕਟਰੀ ਜੇਮਜ਼ ਬਰੋਕਨਸ਼ਾਇਰ ਨੂੰ ਘਰਾਂ, ਭਾਈਚਾਰਕ ਤੇ ਸਥਾਨਕ ਸਰਕਾਰਾਂ ਦੇ ਮੰਤਰਾਲੇ ਦਾ ਮੰਤਰੀ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰਤਾਨੀਆ ਦੀ ਗ੍ਰਹਿ ਮੰਤਰੀ ਐਾਬਰ ਰੂਡ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ |