ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਲਾਹੌਰ ‘ਚ ਧਾਰਮਿਕ ਕੱਟੜਪੰਥੀਆਂ ਦੇ ਗੁੱਸੇ ਦਾ ਸ਼ਿਕਾਰ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲਾਹੌਰ ‘ਚ ਧਾਰਮਿਕ ਕੱਟੜਪੰਥੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸਲਾਮੀ ਸਮਾਗਮ ਦੌਰਾਨ ਉਨ੍ਹਾਂ ‘ਤੇ ਜੁੱਤੀ ਸੁੱਟ ਦਿੱਤੀ ਗਈ। ਇੱਕ ਦਿਨ ਪਹਿਲਾਂ ਧਾਰਮਿਕ ਕੱਟੜਪੰਥੀਆਂ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਚਿਹਰੇ ‘ਤੇ ਸਿਆਹੀ ਸੁੱਟ ਦਿੱਤਾ ਸੀ। ਸ਼ਰੀਫ ਨੇ ਹੁਣ ਗੜੀ ਸ਼ਾਹੁ ਲਾਹੌਰ ਦੇ ਜਮੀਆ ਨਈਮੀਆ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀ। ਜਦੋਂ ਸ਼ਰੀਫ ਭਾਸ਼ਣ ਦੇਣ ਲਈ ਸਟੇਜ ਵੱਲ ਵਧ ਰਹੇ ਸਨ ਤਾਂ ਇੱਕ ਵਿਦਿਆਰਥੀ ਨੇ ਉਨ੍ਹਾਂ ‘ਤੇ ਜੁੱਤੀ ਸੁੱਟ ਦਿੱਤੀ, ਜੋ ਉਨ੍ਹਾਂ ਦੇ ਮੋਢਿਆਂ ਤੇ ਕੰਨਾਂ ‘ਤੇ ਲੱਗੀ। ਵਿਦਿਆਰਥੀ ਨੇ ਉਨ੍ਹਾਂ ਸਾਹਮਣੇ ਪਹੁੰਚ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮੀਆਂ ਨੇ ਵਿਦਿਆਰਥੀ ਤੇ ਉਸ ਦੇ ਇੱਕ ਸਾਥੀ ਨੂੰ ਫੜ ਲਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੁੱਟਿਆ। ਬਾਅਦ ਵਿੱਚ ਦੋਵੇਂ ਵਿਦਿਆਰਥੀ ਪੁਲਿਸ ਨੂੰ ਸੌਂਪ ਦਿੱਤੇ ਗਏ। ਪੁਲਿਸ ਨੇ ਜੁੱਤੀ ਸੁੱਟਣ ਵਾਲੇ ਦੀ ਪਛਾਣ ਅਬਦੁਲ ਗ਼ਫ਼ੂਰ ਵਜੋਂ ਕੀਤੀ ਹੈ। ਦੂਜੇ ਵਿਦਿਆਰਥੀ ਦੀ ਪਛਾਣ ਸਾਜਿਦ ਵਜੋਂ ਹੋਈ ਹੈ। ਇਸ ਘਟਨਾ ਮਗਰੋਂ ਸਥਿਤੀ ਤਣਾਅਪੂਰਨ ਬਣ ਗਈ। ਇਸ ਘਟਨਾ ਮਗਰੋਂ ਸ਼ਰੀਫ ਨੇ ਛੋਟਾ ਭਾਸ਼ਣ ਦਿੱਤਾ ਪਰ ਇਸ ਵਿੱਚ, ਉਨ੍ਹਾਂ ਉਸ ਵਿਅਕਤੀ ਦਾ ਜ਼ਿਕਰ ਨਹੀਂ ਕੀਤਾ ਜਿਸ ਨੇ ਜੁੱਤੀ ਸੁੱਟੀ ਸੀ।