ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮਾਣਾ ਵਿਖੇ’ਪੋਲ-ਖੋਲ੍ਹ’ ਰੈਲੀ ਵਿਚ ਸ਼ਾਮਲ ਹੋਏ

ਪਟਿਆਲਾ – ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਜਦੋਂ ਸਮਾਣਾ ਵਿਖੇ ਹੋ ਰਹੀ ਅਕਾਲੀ ਦਲ ਦੀ ‘ਪੋਲ-ਖੋਲ੍ਹ’ ਰੈਲੀ ਵਿਚ ਸ਼ਾਮਲ ਹੋਣ ਲਈ ਪਹੁੰਚ ਰਹੇ ਸਨ ਤਾਂ ਰੈਲੀ ਸਥਾਨ ਤੋਂ ਕੁਝ ਦੂਰੀ ‘ਤੇ ਉਨ੍ਹਾਂ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੀ ਗੱਡੀ ‘ਤੇ ਸਮਾਣਾ ਨੇੜੇ ਪਥਰਾਅ ਕੀਤਾ ਗਿਆ, ਜਿਸ ਵਿਚ ਉਹ ਵਾਲ-ਵਾਲ ਬਚ ਗਏ। ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਜਦੋਂ ਉਹ ਰੈਲੀ ਵਾਸਤੇ ਆ ਰਹੇ ਸਨ ਤਾਂ ਰਸਤੇ ਵਿਚ 15 ਤੋਂ 20 ਵਿਅਕਤੀਆਂ ਦਾ ਟੋਲਾ ਮੌਜੂਦ ਸੀ, ਜਿਸ ਵਿਚੋਂ ਕੁਝ ਇਕ ਨੇ ਉਨ੍ਹਾਂ ਦੀ ਕਾਰ ਵੱਲ ਰੁਖ ਕੀਤਾ। ਬੇਸ਼ੱਕ ਪੁਲਸ ਮੌਕੇ ‘ਤੇ ਮੌਜੂਦ ਸੀ ਪਰ ਇਕ ਪੁਲਸ ਕਰਮੀ ਨੇ ਵਿਖਾਵਾਕਾਰੀ ਨੂੰ ਇਸ ਤਰੀਕੇ ਧੱਕਾ ਦਿੱਤਾ ਕਿ ਉਹ ਉਨ੍ਹਾਂ ਦੀ ਗੱਡੀ ਅੱਗੇ ਆ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਦੀ ਸਹਾਇਤਾ ਨਾਲ ਲੋਕਤੰਤਰ ਵਿਚ ਵਿਰੋਧੀਆਂ ਦੀ ਆਵਾਜ਼ ਦਬਾਉਣ ਵਾਸਤੇ ਇਹ ਕੀਤੀ ਗਈ ਅਤਿ ਨੀਵੇਂ ਦਰਜੇ ਦੀ ਹਰਕਤ ਹੈ। ਅਫਸੋਸ ਹੈ ਕਿ ਇਹ ਹਰਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਵਿਚ ਹੋਈ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਬਰ ਤੇ ਜ਼ੁਲਮ ਖਿਲਾਫ ਉਹ ਆਵਾਜ਼ ਉਠਾਉਂਦੇ ਰਹਿਣਗੇ।