ਸਾਰੇ ਕਰਜ਼ੇ ਮੁਆਫ਼ ਕਰ ਕੇ ਅਮਰਿੰਦਰ ਕਿਸਾਨਾਂ ਤੋਂ ‘ਫਖ਼ਰ-ਏ-ਕੌਮ’ ਲੈਣ ਦਾ ਚਾਹਵਾਨ ਕਿਉਂ ਨਹੀਂ : ਅਕਾਲੀ ਦਲ

ਚੰਡੀਗੜ੍ਹ  -ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਵਾਅਦੇ ਮੁਤਾਬਕ ਸਾਰੇ ਕਰਜ਼ੇ ਮੁਆਫ ਕਰ ਕੇ ਪੰਜਾਬ ਦੇ ਕਿਸਾਨਾਂ ਤੋਂ ‘ਫ਼ਖਰ-ਏ-ਕੌਮ’ ਦਾ ਖਿਤਾਬ ਲੈਣ ਦਾ ਚਾਹਵਾਨ ਕਿਉਂ ਨਹੀਂ ਹੈ? ਪਾਰਟੀ ਨੇ ਇਹ ਵੀ ਪੁੱਛਿਆ ਕਿ ਕੈਪਟਨ ਨੇ ਆੜ੍ਹਤੀਆਂ ਦੇ ਇਕ ਗਰੁੱਪ ਕੋਲੋਂ ਅਜਿਹਾ ਸਨਮਾਨ ਕਿਉਂ ਲਿਆ, ਜਿਨ੍ਹਾਂ ਨੇ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਮਦਦ ਵਾਸਤੇ ਆਪਣੀ ਵਿਆਜ ਦਰ ਘਟਾਉਣ ਤੋਂ ਵੀ ਮੁੱਖ ਮੰਤਰੀ ਨੂੰ ਕੋਰੀ ਨਾਂਹ ਕਰ ਦਿੱਤੀ?
ਇਸ ਬਾਰੇ ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਮੁਕੰਮਲ ਕਰਜ਼ਾ ਮੁਆਫੀ ਦੀ ਉਡੀਕ ਕਰ ਰਹੇ ਸਨ ਪਰ ਮੁੱਖ ਮੰਤਰੀ ਨੇ ਸਿਰਫ ਫਸਲੀ ਕਰਜ਼ੇ ਦੀ ਮੁਆਫੀ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਨਵੀਂ ਫਸਲ ਲਾਉਣ ਲਈ 50 ਹਜ਼ਾਰ ਰੁਪਏ ਦਾ ਇਹ ਕਰਜ਼ਾ 6 ਮਹੀਨਿਆਂ ਵਾਸਤੇ ਲਿਆ ਜਾਂਦਾ ਹੈ। ਇਸ ਦੀ ਵਾਪਸੀ ਦੀ ਦਰ 90 ਤੋਂ 95 ਫੀਸਦੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ਕਾਂਗਰਸ ਸਰਕਾਰ ਨੇ ਉਨ੍ਹਾਂ ਸਾਰੇ ਛੋਟੇ ਤੇ ਸਰਹੱਦੀ ਕਿਸਾਨਾਂ ਨਾਲ ਧੋਖਾ ਕੀਤਾ ਹੈ, ਜਿਹੜੇ ਇਕ ਸਾਲ ਜਾਂ ਇਸ ਤੋਂ ਵੱਧ ਮਿਆਦ ਲਈ ਕਰਜ਼ਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਅਸੀਂ ਸਰਕਾਰ ਉਤੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਦਬਾਅ ਪਾਉਣ ਲਈ ਇਕ ਲੋਕ ਅੰਦੋਲਨ ਸ਼ੁਰੂ ਕਰਾਂਗੇ।

Be the first to comment

Leave a Reply