ਸਾਰੇ ਘਰਾਂ ‘ਚ ਸੋਲਰ ਪੈਨਲ ਲਾਉਣਾ ਜ਼ਰੂਰੀ

ਚੰਡੀਗੜ੍ਹ  :- ਜੇਕਰ ਤੁਹਾਡਾ ਘਰ 100 ਗਜ਼ ਤੋਂ ਜ਼ਿਆਦਾ ਏਰੀਏ ‘ਚ ਬਣਿਆ ਹੈ ਤੇ ਤੁਸੀਂ ਅਜੇ ਤਕ ਆਪਣੇ ਘਰ ਦੀ ਛੱਤ ‘ਚ ਸੋਲਰ ਫੋਟੋਵਾਲਟਿਕ ਪਾਵਰ ਪਲਾਂਟ ਨਹੀਂ ਲਾਇਆ ਹੈ ਤਾਂ ਪ੍ਰਸ਼ਾਸਨਿਕ ਕਾਰਵਾਈ ਲਈ ਤਿਆਰ ਰਹੋ। ਹਾਲਾਂਕਿ ਅਜੇ ਪ੍ਰਸ਼ਾਸਨ ਨੇ ਰੈਜ਼ੀਡੈਂਟਸ ਨੂੰ ਥੋੜ੍ਹਾ ਹੋਰ ਸਮਾਂ ਦਿੱਤਾ ਹੈ ਪਰ ਛੇਤੀ ਹੀ ਉਨ੍ਹਾਂ ਲੋਕਾਂ ਨੂੰ ਡਿਪਟੀ ਕਮਿਸ਼ਨਰ ਆਫਿਸ ਵਲੋਂ ਨੋਟਿਸ ਭੇਜੇ ਜਾ ਸਕਦੇ ਹਨ, ਜਿਨ੍ਹਾਂ ਨੇ ਸੋਲਰ ਪੈਨਲ ਲਈ ਅਪਲਾਈ ਨਹੀਂ ਕੀਤਾ ਹੈ। ਚੰਡੀਗੜ੍ਹ ਰਿਨਿਊਅਲ ਐਨਰਜੀ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕ੍ਰੈਸਟ) ਵਲੋਂ ਛੇਤੀ ਹੀ ਡੀ. ਸੀ. ਦਫਤਰ ਨੂੰ ਲੈਟਰ ਭੇਜਿਆ ਜਾਏਗਾ, ਜਿਸ ‘ਚ ਜਾਣਕਾਰੀ ਮੰਗੀ ਜਾਏਗੀ ਕਿ ਸ਼ਹਿਰ ‘ਚ ਕਿੰਨੇ ਘਰ ਬਿਲਡਿੰਗ ਬਾਇਲਾਜ ‘ਚ ਕੀਤੇ ਗਏ ਬਦਲਾਵਾਂ ਤਹਿਤ ਆਉਂਦੇ ਹਨ? ਜਿਨ੍ਹਾਂ ਨੇ ਅਪਲਾਈ ਕੀਤਾ ਹੈ ਜਾਂ ਜਿਨ੍ਹਾਂ ਦੇ ਘਰ ‘ਚ ਸੋਲਰ ਪੈਨਲ ਲੱਗੇ ਹਨ, ਉਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਰੈਜ਼ੀਡੈਂਟਸ ਨੂੰ ਨੋਟਿਸ ਭੇਜੇ ਜਾਣਗੇ। ਕ੍ਰੈਸਟ ਵਲੋਂ ਸੋਲਰ ਪੈਨਲ ਲਾਉਣ ਲਈ 31 ਮਈ 2018 ਤਕ ਦੀ ਡੈੱਡਲਾਈਨ ਫਿਕਸ ਕਰ ਦਿੱਤੀ ਗਈ। ਉਸ ਤੋਂ ਪਹਿਲਾਂ ਸਾਰੇ ਘਰਾਂ ‘ਚ ਸੋਲਰ ਪੈਨਲ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਜਿਸ ਤਰ੍ਹਾਂ ਪ੍ਰਾਈਵੇਟ ਘਰ ਤੇ ਸੰਸਥਾਵਾਂ ਸੋਲਰ ਪੈਨਲ ਲਈ ਦਿਲਚਸਪੀ ਦਿਖਾ ਰਹੇ ਹਨ, ਉਸਨੂੰ ਵੇਖਦਿਆਂ ਪ੍ਰਸ਼ਾਸਨ ਦਾ ਦੂਜਾ ਟਾਰਗੇਟ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਅਜੇ ਤਕ 150 ਪ੍ਰਾਈਵੇਟ ਘਰਾਂ ‘ਚ ਹੀ ਸੋਲਰ ਪੈਨਲ ਲਗ ਸਕੇ ਹਨ। ਕ੍ਰੈਸਟ ਦੀ ਪਲਾਨਿੰਗ ਹੈ ਕਿ 2017 ‘ਚ ਹੀ ਸ਼ਹਿਰ ਦੀਆਂ 2000 ਛੱਤਾਂ ‘ਤੇ ਸੋਲਰ ਪੈਨਲ ਲਾਏ ਜਾਣ, ਇਸ ਲਈ ਕ੍ਰੈਸਟ ਨੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਨੂੰ ਨਾਲ ਲੈ ਕੇ ਚੱਲਣ ਦਾ ਵੀ ਫੈਸਲਾ ਕੀਤਾ ਸੀ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਸਭ ਤੋਂ ਜ਼ਿਆਦਾ ਸੋਲਰ ਪੈਨਲ ਇੰਸਟਾਲ ਕਰਵਾਉਣ ਵਾਲੀ ਆਰ. ਡਬਲਿਊ. ਏ. ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ।
ਪ੍ਰਸ਼ਾਸਨ ਨੇ ਸੋਲਰ ਪਾਵਰ ਨੂੰ ਸ਼ਹਿਰ ‘ਚ ਪ੍ਰਮੋਟ ਕਰਨ ਦੇ ਮਕਸਦ ਨਾਲ ਵੀ ਇਹ ਬਾਇਲਾਜ ਤਿਆਰ ਕੀਤੇ ਹਨ। ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਸਿਫਾਰਸ਼ ‘ਤੇ ਪ੍ਰਸ਼ਾਸਨ ਨੇ ਰੈਜ਼ੀਡੈਂਸ਼ੀਅਲ, ਇੰਸਟੀਚਿਊਸ਼ਨਲ, ਕਮਰਸ਼ੀਅਲ ਤੇ ਹਸਪਤਾਲਾਂ ਦੀਆਂ ਇਮਾਰਤਾਂ ਲਈ ਨਵਾਂ ਬਾਇਲਾਜ ਤਿਆਰ ਕੀਤਾ ਹੈ। ਪ੍ਰਸ਼ਾਸਨ ਨੇ 100 ਗਜ਼ ਤੋਂ ਜ਼ਿਆਦਾ ਸਾਰੇ ਰੈਜ਼ੀਡੈਂਸ਼ੀਅਲ, ਕਰਮਸ਼ੀਅਲ ਤੇ ਹੋਰਨਾਂ ਇਮਾਰਤਾਂ ਲਈ ਇਹ ਸੋਲਰ ਫੋਟੋਵਾਲਟਿਕ ਸਿਸਟਮ/ਸੋਲਰ ਵਾਟਰ ਹੀਟਿੰਗ ਸਿਸਟਮ ਲਾਉਣਾ ਜ਼ਰੂਰੀ ਕੀਤਾ ਹੈ। ਇਨ੍ਹਾਂ ‘ਚ ਉਨ੍ਹਾਂ ਇਮਾਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਭਵਿੱਖ ‘ਚ ਬਣਾਈਆਂ ਜਾਣੀਆਂ ਹਨ।

Be the first to comment

Leave a Reply