ਸਾਰੇ ਸਿਵਲ ਸਰਜਨਾਂ ਅਤੇ ਐਸ.ਐਮ.ਓਜ਼. ਨੂੰ ਹਰ ਸ਼ਨੀਵਾਰ ਕਲੀਨਿਕਲ ਡਿਊਟੀ ਨਿਭਾਉਣ ਦੇ ਆਦੇਸ਼

ਚੰਡੀਗੜ੍ਹ  : ਹੁਣ ਸਿਹਤ ਵਿਭਾਗ ਦੇ ਸਾਰੇ ਸਪੈਸ਼ਲਿਸਟ ਡਾਕਟਰਾਂ ਸਮੇਤ ਸਿਵਲ ਸਰਜ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਹਰ ਸ਼ੁਕੱਰਵਾਰ ਨੂੰ ਸਰਕਾਰੀ ਹਸਪਤਾਲਾਂ ਵਿਖੇ ਕਲੀਨਿਕਲ ਡਿਊਟੀਆਂ ਨਿਭਾਉਣਗੇ ਅਤੇ ਨਿਰਧਾਰਿਤ ਦਿਨਾਂ ਨੂੰ ਸਰਜ਼ਰੀ ਕਰਨਾ ਵੀ ਯਕੀਨੀ ਕਰਨਗੇ।ਇਹ ਘੋਸ਼ਣਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਡਾਇਰੈਕਟੋਰੇਟ ਸਿਹਤ ਸੇਵਾਵਾਂ, ਪੰਜਾਬ ਵਿਖੇ ਆਯੋਜਿਤ ਸਿਵਲ ਸਰਜ਼ਨਾਂ ਦੀ ਸਮੀਖਿਆ ਮੀਟਿੰਗ ਦੌਰਾਨ ਕੀਤੀ ਗਈ। ਇਸ ਮੌਕੇ ਤੇ ਪੰਜਾਬ ਦੇ ਦੋ ਰਾਸ਼ਟਰੀ ਅਵਾਰਡ ਜੇਤੂ ਜ਼ਿਲ੍ਹਾ ਹਸਪਤਾਲਾਂ ਨੂੰ ਭਾਰਤ ਸਰਕਾਰ ਵੱਲੋਂ ਕੁਆਲਿਟੀ ਇਸ਼ੋਰੈਂਸ ਸਟੈਂਡਰਡ ਵਿੱਚ ਮੁਕਾਮ ਹਾਸਲ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ।
ਨਵ-ਜੰਮੇ ਬੱਚਿਆਂ ਲਈ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਸ ਤੌਰ ਤੇ ਨਵ-ਜੰਮੇ ਬੱਚਿਆਂ ਨੁੂੰ ਰਜਿਸਟਰਡ ਕਰਕੇ ਆਧਾਰ ਕਾਰਡ ਮੁਹੱਇਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿਹਤ ਵਿਭਾਗ ਬਤੌਰ ਨੋਡਲ ਏਜੰਸੀ ਵਜੋਂ ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਦੇ ਨਾਲ ਸ਼ੁਰੂ ਕਰ ਰਿਹਾ ਹੈ। ਇਸ ਮੌਕੇ ਤੇ ਸਿਹਤ ਮੰਤਰੀ ਵੱਲੋਂ ਇਸ ਖਾਸ ਮੰਤਵ ਲਈ ਸਿੱਖਿਅਤ ਫੀਲਡ ਅਫਸਰਾਂ ਨੂੰ 300 ਟੈਬਲੇਟ ਵੀ ਦਿੱਤੇ ਗਏ।ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਰਾਸ਼ਟਰੀ ਅਵਾਰਡ ਜੇਤੂ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਅਤੇ ਪਠਾਨਕੋਟ ਦੇ ਸਿਵਲ ਸਰਜ਼ਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਉਮੀਦ ਵੀ ਕੀਤੀ ਗਈ ਕਿ ਜਲਦ ਹੀ ਸਿਵਲ ਹਸਪਤਾਲ ਨਵਾਂ ਸ਼ਹਿਰ ਅਤੇ ਸਿਵਲ ਹਸਪਤਾਲ ਰਾਜਪੁਰਾ ਵੀ ਇਹ ਰਾਸ਼ਟਰੀ ਇਨਾਮ ਹਾਸਲ ਕਰਨ ਵਿੱਚ ਸਫਲ ਹੋਣਗੇ। ਉਨ੍ਹਾਂ ਕਿਹਾ ਕਿ ਕੁਆਲਿਟੀ ਇਸ਼ੋਰੈਂਸ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਵੱਲੋਂ ਨਿਰਧਾਰਿਤ 18 ਤੱਥਾਂ ਨੂੰ ਬਾਰੀਕੀ ਚੈੱਕ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਹਸਪਤਾਲ ਭਾਰਤ ਸਰਕਾਰ ਵੱਲੋਂ ਦੱਸੇ ਗਏ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਹੀ ਇਹ ਰਾਸ਼ਟਰੀ ਪੱਧਰ ਦੇ ਇਨਾਮ ਲਈ ਯੋਗ ਸਮਝਿਆ ਜਾਂਦਾ ਹੈ। ਇਸ ਲਈ ਇਹ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਮ੍ਰਿਤਸਰ (200 ਬਿਸਤਰੇ) ਅਤੇ ਪਠਾਨਕੋਟ (179 ਬਿਸਤਰੇ) ਦੋ ਸਰਕਾਰੀ ਹਸਪਤਾਲ ਕੁਆਲਿਟੀ ਇਸ਼ੋਰੈਂਸ ਅਧੀਨ ਜੇਤੂ ਰਹੇ ਹਨ। ਜਿਸਨੂੰ ਹਾਸਲ ਕਰਨਾ ਅਸਾਨ ਨਹੀਂ ਸੀ। ਇਸ ਉਪਰੰਤ ਸਿਹਤ ਮੰਤਰੀ ਵੱਲੋਂ ਇਸ ਅਹਿਮ ਪ੍ਰਾਪਤੀ ਦੇ ਲਈ ਦੋਹਾਂ ਹਸਪਤਾਲਾਂ ਨੂੰ ਦੋ-ਦੋ ਲੱਖ ਰੁਪਏ ਦੇ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ।

Be the first to comment

Leave a Reply