ਸਿੱਖਿਆ ਵਿਭਾਗ ਵੱਲੋਂ ਅਰਸ਼ਪ੍ਰੀਤ ਨੂੰ ਰੋਜ਼ਾਨਾ ਦਿੱਤਾ ਜਾ ਰਿਹੈ ਪੋਸ਼ਣ ਆਹਾਰ

ਲੁਧਿਆਣਾ : ਜੀਵਨ ਦੀਆਂ ਹਰ ਤਰ•ਾਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਰੁਕਾਵਟਾਂ ਨੂੰ ਪਾਸੇ ਕਰਦਿਆਂ ਪਿੰਡ ਅਲੂਣਾ ਤੋਲਾ ਦਾ ਵਿਸ਼ੇਸ਼ ਲੋੜਾਂ ਵਾਲਾ ਖ਼ਿਡਾਰੀ ਅਰਸ਼ਪ੍ਰੀਤ ਸਿੰਘ ਆਪਣੇ ਦ੍ਰਿੜ ਇਰਾਦੇ ਅਤੇ ਮਿਹਨਤ ਦੇ ਸਦਕਾ ਅਗਲੇ ਸਾਲ ਮਾਰਚ ਮਹੀਨੇ ਆਬੂਧਾਬੀ ਵਿਖੇ ਹੋਣ ਵਾਲੀਆਂ ‘ਸਪੈਸ਼ਲ ਉਲੰਪਿਕਸ ਵਰਲਡ ਸਮਰ ਗੇਮਜ਼’ ਵਿੱਚ ਫੁੱਟਬਾਲ ਟੀਮ ਦੇ ਮੈਂਬਰ ਬਣ ਕੇ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਦੀ ਤਿਆਰੀ ਵਿੱਚ ਹੈ। ਸਮਰ ਉਲੰਪਿਕਸ ਦੀ ਤਿਆਰੀ ਲਈ ਆਗਾਮੀ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਉਦੇਪੁਰ (ਰਾਜਸਥਾਨ) ਵਿਖੇ ਲੱਗ ਰਹੇ ਰਾਸ਼ਟਰੀ ਕੈਂਪ ਲਈ ਉਸ ਦੀ ਚੋਣ ਹੋ ਗਈ ਹੈ, ਹੁਣ ਉਹ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਲਈ ਸਿਰਤੋੜ ਯਤਨ ਕਰ ਰਿਹਾ ਹੈ। ਅਰਸ਼ਪ੍ਰੀਤ ਸਿੰਘ ਨੂੰ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਾਉਣ ਦੇ ਯਤਨ ਵਿੱਚ ਸਿੱਖਿਆ ਵਿਭਾਗ ਵੱਲੋਂ ਜਿੱਥੇ ਉਸਨੂੰ ਰੋਜ਼ਾਨਾ ਦੋ ਵਿਸ਼ੇਸ਼ ਅਧਿਆਪਕਾਂ ਕਰਮਜੀਤ ਸਿੰਘ ਅਤੇ ਸੁਖਜੀਤ ਸਿੰਘ ਦੀ ਨਿਗਰਾਨੀ ਵਿੱਚ ਪੋਸ਼ਟਿਕ ਆਹਾਰ (ਦੁੱਧ, ਅੰਡੇ, ਫਰੂਟ, ਜੂਸ ਅਤੇ ਹੋਰ ਉਤਪਾਦ) ਦਿੱਤਾ ਜਾ ਰਿਹਾ ਹੈ, ਉਥੇ ਹੀ ਨਵੀਂ ਖੇਡ ਕਿੱਟ ਵੀ ਮੁਹੱਈਆ ਕਰਵਾਈ ਗਈ ਹੈ। ਅਧਿਆਪਕ ਕਰਮਜੀਤ ਸਿੰਘ ਨੇ ਕਿਹਾ ਕਿ ਅਰਸ਼ਪ੍ਰੀਤ ਦੇ ਉੱਚੇ ਆਤਮ ਵਿਸ਼ਵਾਸ਼ ਅਤੇ ਮੁਕਾਬਲੇ ਦੀ ਦ੍ਰਿੜ ਭਾਵਨਾ ਦੀ ਹਰ ਕੋਈ ਪ੍ਰਸੰਸ਼ਾ ਕਰਦਾ ਹੈ। ਉਸਨੇ ਪਿਛਲੇ ਸਾਲ ਚੇਨੱਈ ਵਿਖੇ ਹੋਈ ਯੂਨੀਫਾਈਡ ਫੁੱਟਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਬੈੱਸਟ ਪਲੇਅਰ ਦਾ ਖ਼ਿਤਾਬ ਅਤੇ ਉਸ ਦੀ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਅਰਸ਼ਪ੍ਰੀਤ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਵਿਰੋਧੀ ਟੀਮਾਂ ਵਿਰੁਧ 4 ਗੋਲ ਕੀਤੇ ਸਨ। ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਦੀ ਟੀਮ ਦਾ ਖ਼ਜ਼ਾਨਾ ਕਰਾਰ ਦਿੰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮੈਦਾਨ ਵਿੱਚ ਰੋਜ਼ਾਨਾ 3-4 ਘੰਟੇ ਖੇਡ ਅਭਿਆਸ ਕਰਦਾ ਹੈ।